ਨੌਂ ਨਵੰਬਰ ਨੂੰ ਖੋਲ੍ਹ ਦਿਆਂਗੇ ਕਰਤਾਰਪੁਰ ਲਾਂਘਾ : ਇਮਰਾਨ ਖ਼ਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਲਾਂਘਾ ਖੁਲ੍ਹਣ ਨਾਲ ਸਾਡੇ ਅਰਥਚਾਰੇ ਨੂੰ ਵੀ ਤਾਕਤ ਮਿਲੇਗੀ

Pakistan to open Kartarpur Corridor on November 9: Imran Khan

ਲਾਹੌਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਬੇਸਬਰੀ ਨਾਲ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਨੂੰ ਨੌਂ ਨਵੰਬਰ ਨੂੰ ਖੋਲ੍ਹ ਦੇਵੇਗਾ। ਖ਼ਾਨ ਨੇ ਫ਼ੇਸਬੁਕ 'ਤੇ ਲਿਖਿਆ, 'ਪਾਕਿਸਤਾਨ ਦੁਨੀਆਂ ਭਰ ਦੇ ਸਿੱਖਾਂ ਲਈ ਅਪਣੇ ਦਰਵਾਜ਼ੇ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਰਤਾਰਪੁਰ ਪ੍ਰਾਜੈਕਟ 'ਤੇ ਨਿਰਮਾਣ ਕਾਰਜ ਆਖ਼ਰੀ ਪੜਾਅ ਵਿਚ ਪਹੁੰਚ ਗਏ ਹਨ। ਨੌਂ ਨਵੰਬਰ 2019 ਨੂੰ ਕਰਤਾਰਪੁਰ ਲਾਂਘਾ ਲੋਕਾਂ ਲਈ ਖੋਲ੍ਹ ਦਿਤਾ ਜਾਵੇਗਾ।'

ਇੰਜ ਖ਼ਾਨ ਨੇ ਇਹ ਅਸਪਸ਼ਟਤਾ ਦੂਰ ਕਰ ਦਿਤੀ ਹੈ ਕਿ 12 ਨਵੰਬਰ ਨੂੰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਲਾਂਘਾ ਖੋਲ੍ਹਿਆ ਜਾਵੇਗਾ ਜਾਂ ਨਹੀਂ। ਉਨ੍ਹਾਂ ਕਿਹਾ, 'ਦੁਨੀਆਂ ਭਰ ਦੇ ਸੱਭ ਤੋਂ ਵੱਡੇ ਗੁਰਦਵਾਰੇ ਵਿਚ ਭਾਰਤ ਅਤੇ ਸੰਸਾਰ ਦੇ ਹੋਰ ਹਿੱਸਿਆਂ ਦੇ ਸਿੱਖ ਆਉਣਗੇ। ਇਹ ਸਿੱਖਾਂ ਲਈ ਵੱਡਾ ਧਾਰਮਕ ਕੇਂਦਰ ਬਣ ਜਾਵੇਗਾ ਅਤੇ ਇਸ ਨਾਲ ਅਰਥਵਿਵਸਥਾ ਨੂੰ ਵੀ ਫ਼ਾਇਦਾ ਹੋਵੇਗਾ। ਦੇਸ਼ ਲਈ ਵਿਦੇਸ਼ੀ ਮੁਦਰਾ ਪੈਦਾ ਹੋਵੇਗੀ ਅਤੇ ਯਾਤਰਾ ਤੇ ਹੋਰ ਖੇਤਰਾਂ ਵਿਚ ਨੌਕਰੀਆਂ ਪੈਦਾ ਹੋਣਗੀਆਂ।' ਉਨ੍ਹਾਂ ਕਿਹਾ, 'ਪਾਕਿਸਤਾਨ ਵਿਚ ਧਾਰਮਕ ਸੈਰ-ਸਪਾਟਾ ਵਧ ਰਿਹਾ ਹੈ। ਪਹਿਲਾਂ ਬੁੱਧ ਭਿਕਸ਼ੂ ਧਾਰਮਕ ਰੀਤੀ ਰਿਵਾਜਾਂ ਲਈ ਆਏ  ਸੀ ਅਤੇ ਹੁਣ ਕਰਤਾਰਪੁਰ ਲਾਂਘਾ ਖੋਲ੍ਹਿਆ ਜਾ ਰਿਹਾ ਹੈ। '

ਇਸ ਤੋਂ ਪਹਿਲਾਂ ਦਸ ਅਕਤੂਬਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਰਤਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਇਹ ਕਹਿ ਕੇ ਉਦਘਾਟਨ ਦੀ ਤਰੀਕ ਸਬੰਧੀ ਭੰਬਲਭੂਸਾ ਪੈਦਾ ਕਰ ਦਿਤਾ ਸੀ ਕਿ ਕੋਈ ਤਰੀਕ ਤੈਅ ਨਹੀਂ ਕੀਤੀ ਗਈ। ਉਧਰ, ਪ੍ਰਾਜੈਕਟ ਦੀ ਅਗਵਾਈ ਕਰ ਰਹੇ ਇਕ ਹੋਰ ਪਾਕਿਸਤਾਨੀ ਅਧਿਕਾਰੀ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਭਾਰਤੀ ਸਿੱਖਾਂ ਨੂੰ ਨੌਂ ਨਵੰਬਰ ਨੂੰ ਗੁਰਦਵਾਰਾ ਸਾਹਿਬ ਜਾਣ ਦੀ ਆਗਿਆ ਦੇਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਅਕਤੂਬਰ ਨੂੰ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਰਤਾਰਪੁਰ ਲਾਂਘਾ ਖੁਲ੍ਹਣ ਮਗਰੋਂ ਵੱਡੇ ਸਮਾਮ ਵਿਚ ਸ਼ਾਮਲ ਹੋਣ ਲਈ ਕਰਤਾਰਪੁਰ ਗੁਰਦਵਾਰੇ ਜਾਣ ਵਾਲੇ ਪਹਿਲੇ ਜੱਥੇ ਦਾ ਹਿੱਸਾ ਬਣਨ ਲਈ ਰਾਜ਼ੀ ਹੋ ਗਏ ਹਨ।