ਕਿਸੇ ਨੂੰ ਵੀ ਪਾਈ ਗਈ ਵੋਟ ਭਾਜਪਾ ਦੇ ਖਾਤੇ ਵਿਚ ਗਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਨਵਲੇਬਾੜੀ ਪਿੰਡ ਦੇ ਵੋਟਰਾਂ ਨੇ ਦੋਸ਼ ਲਾਇਆ

Maharashtra Villagers Claim Any Vote Cast Went in BJP's Favour

ਪੁਣੇ : ਮਹਾਰਾਸ਼ਟਰ ਦੇ ਪਿੰਡ ਦੇ ਵੋਟਰਾਂ ਨੇ ਦੋਸ਼ ਲਾਇਆ ਹੈ ਕਿ ਸੋਮਵਾਰ ਨੂੰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਵੋਟਿੰਗ ਮਸ਼ੀਨ ਵਿਚ ਗੜਬੜ ਸੀ ਜਿਸ ਕਾਰਨ ਕਿਸੇ ਵੀ ਉਮੀਦਵਾਰ ਨੂੰ ਪਾਈ ਗਈ ਵੋਟ ਭਾਜਪਾ ਦੇ ਖਾਤੇ ਵਿਚ ਚਲੀ ਗਈ। ਉਧਰ, ਚੋਣ ਅਧਿਕਾਰੀਆਂ ਨੇ ਇਸ ਦਾਅਵੇ ਨੂੰ ਰੱਦ ਕੀਤਾ ਹੈ। ਐਨਸੀਪੀ ਆਗੂ ਸ਼ਸ਼ੀਕਾਂਤ ਸ਼ਿੰਦੇ ਨੇ ਕਿਹਾ ਕਿ ਜਦ ਉਹ ਸਤਾਰਾ ਜ਼ਿਲ੍ਹੇ ਵਿਚ ਕੋਰੇਗਾਂਵ ਤਹਿਸੀਲ ਦੇ ਨਵਲੇਬਾੜੀ ਪਿੰਡ ਵਿਚ ਚੋਣ ਬੂਥ 'ਤੇ ਪੁੱਜੇ ਤਾਂ ਉਨ੍ਹਾਂ ਇਸ ਤਰ੍ਹਾਂ ਹੁੰਦਾ ਵੇਖਿਆ। ਪਛਮੀ ਮਹਾਰਾਸ਼ਟਰ ਵਿਚ ਕੋਰੇਗਾਂਵ ਵਿਧਾਨ ਸਭਾ ਖੇਤਰ ਦੀ ਚੋਣ ਅਧਿਕਾਰੀ ਕੀਰਤੀ ਨਲਵਾਡੇ ਨੇ ਪੇਂਡੂਆਂ ਦੇ ਦਾਅਵੇ ਨੂੰ ਰੱਦ ਕੀਤਾ।

ਪੇਂਡੂਆਂ ਨੇ ਕਿਹਾ ਕਿ ਐਨਸੀਪੀ ਉਮੀਦਵਾਰ ਸ੍ਰੀਨਿਵਾਸ ਪਾਟਿਲ ਨੂੰ ਪਾਈ ਗਈ ਵੋਟ ਭਾਜਪਾ ਉਮੀਦਵਾਰ ਉਦੇ ਨਰਾਜੇ ਭੋਂਸਲੇ ਦੇ ਖਾਤੇ ਵਿਚ ਜਾ ਰਹੀ ਸੀ। ਸ਼ਿੰਦੇ ਨੇ ਕਿਹਾ ਕਿ ਜਦ ਉਹ ਚੋਣ ਬੂਥ 'ਤੇ ਪੁੱਜੇ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਦਸਿਆ ਤਾਂ ਉਨ੍ਹਾਂ ਤੁਰਤ ਈਵੀਐਮ ਬਦਲ ਦਿਤੀ। ਸ਼ਿੰਦੇ ਨੇ ਕਿਹਾ, 'ਮੈਨੂੰ ਕੁੱਝ ਵੋਟਰਾਂ ਨੇ ਦਸਿਆ ਕਿ ਵੋਟਾਂ ਸਿਰਫ਼ ਭਾਜਪਾ ਉਮੀਦਵਾਰ ਦੇ ਖਾਤੇ ਵਿਚ ਜਾ ਰਹੀਆਂ ਹਨ। ਜਦ ਮੈਂ ਮੌਕੇ 'ਤੇ ਪੁੱਜਾ ਤਾਂ ਇਸ ਤਰ੍ਹਾਂ 270 ਵੋਟ ਪਾਈਆਂ ਜਾ ਚੁੱਕੀਆਂ ਸਨ।'

ਚੋਣ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਮਸ਼ੀਨ ਪੇਂਡੂਆਂ ਦੇ ਦਾਅਵੇ ਕਾਰਨ ਨਹੀਂ ਸਗੋਂ ਬਟਨ ਦਬਾਉਣ ਵਿਚ ਦਿੱਕਤ ਕਾਰਨ ਬਦਲੀ। ਮਸ਼ੀਨ ਬਦਲਣ ਦਾ ਸਬੰਧ ਉਨ੍ਹਾਂ ਦੇ ਦਾਅਵੇ ਨਾਲ ਨਹੀਂ। ਸਿੱਕਮ ਦੇ ਸਾਬਕਾ ਰਾਜਪਾਲ ਪਾਟਿਲ ਨੇ ਕਿਹਾ ਕਿ ਉਨ੍ਹਾਂ ਪਿੰਡ ਵਾਲਿਆਂ ਦੇ ਕਹਿਣ 'ਤੇ ਇਹ ਮਾਮਲਾ ਚੋਣ ਅਧਿਕਾਰੀਆਂ ਕੋਲ ਚੁਕਿਆ।