ਸੇਵਾਮੁਕਤੀ ਤੋਂ 8 ਦਿਨ ਪਹਿਲਾਂ ਵਿਵਾਦਾਂ 'ਚ ਘਿਰੇ ਪਾਕਿ ਸੈਨਾ ਮੁਖੀ, 6 ਸਾਲ ਵਿਚ ਬਣੇ ਅਰਬਪਤੀ, ਰਿਪੋਰਟ 'ਚ ਹੋਇਆ ਖੁਲਾਸਾ
76 ਤੋਂ 457 ਕਰੋੜ ਰੁਪਏ ਹੋਈ ਜਾਇਦਾਦ
ਇਸਲਾਮਾਬਾਦ - ਪਾਕਿਸਤਾਨ ਦੀ ਇੱਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਪਰਿਵਾਰ 6 ਸਾਲਾਂ ਵਿਚ ਅਰਬਪਤੀ ਬਣ ਗਿਆ ਹੈ। ਪਾਕਿਸਤਾਨੀ ਪੱਤਰਕਾਰ ਅਹਿਮਦ ਨੂਰਾਨੀ ਨੇ ਬਾਜਵਾ ਦੀ ਸੇਵਾਮੁਕਤੀ ਤੋਂ ਠੀਕ 8 ਦਿਨ ਪਹਿਲਾਂ ਐਤਵਾਰ ਨੂੰ 'ਫੈਕਟ ਫੋਕਸ' ਲਈ ਲਿਖੀ ਆਪਣੀ ਰਿਪੋਰਟ 'ਚ ਇਹ ਗੱਲ ਕਹੀ ਹੈ। ਬਾਜਵਾ ਦਾ ਕਾਰਜਕਾਲ 29 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ।
ਨੂਰਾਨੀ ਨੇ ਕਿਹਾ-ਪਿਛਲੇ 6 ਸਾਲਾਂ ਵਿੱਚ ਬਾਜਵਾ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੇ ਕਰਾਚੀ, ਲਾਹੌਰ ਸਮੇਤ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਵਿਚ ਫਾਰਮ ਹਾਊਸ ਬਣਾਏ, ਅੰਤਰਰਾਸ਼ਟਰੀ ਵਪਾਰ ਅਤੇ ਵਪਾਰਕ ਪਲਾਜ਼ੇ ਸ਼ੁਰੂ ਕੀਤੇ। ਇਸ ਤੋਂ ਇਲਾਵਾ ਉਹਨਾਂ ਨੇ ਵਿਦੇਸ਼ਾਂ 'ਚ ਵੀ ਜਾਇਦਾਦ ਖਰੀਦੀ ਹੈ। ਇਨ੍ਹਾਂ ਜਾਇਦਾਦਾਂ ਦੀ ਕੀਮਤ 12.7 ਅਰਬ ਤੋਂ ਵੱਧ ਹੈ। ਇਹ ਸੌਦਾ ਬਾਜਵਾ ਦੀ ਪਤਨੀ ਆਇਸ਼ਾ ਅਮਜਦ, ਨੂੰਹ ਮਹਿਨੂਰ ਸਾਬਿਰ ਅਤੇ ਕੁਝ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਕੀਤਾ ਗਿਆ ਹੈ।
ਆਇਸ਼ਾ ਅਮਜਦ ਦੇ ਨਾਂ 'ਤੇ 2016 'ਚ ਅੱਠ ਨਵੀਆਂ ਜਾਇਦਾਦਾਂ ਖਰੀਦੀਆਂ ਗਈਆਂ ਸਨ। ਜੋ ਕਿ 17 ਅਪ੍ਰੈਲ 2018 ਨੂੰ ਵਿੱਤੀ ਬਿਆਨ ਵਿਚ ਦਰਜ ਕੀਤੇ ਗਏ ਸਨ। ਉਸ ਸਮੇਂ ਵੀ ਬਾਜਵਾ ਫੌਜ ਮੁਖੀ ਸਨ। ਰਿਪੋਰਟ 'ਚ ਕਿਹਾ ਗਿਆ ਸੀ- 2015 'ਚ ਆਇਸ਼ਾ ਦੇ ਨਾਂ 'ਤੇ ਇਕ ਵੀ ਜਾਇਦਾਦ ਨਹੀਂ ਸੀ ਪਰ 2016 ਵਿਚ ਸਾਰੀਆਂ ਜਾਇਦਾਦਾਂ ਨੂੰ ਸ਼ਾਮਲ ਕਰ ਕੇ ਉਸ ਦੀ ਆਮਦਨ ਜ਼ੀਰੋ ਤੋਂ ਵਧ ਕੇ 2.2 ਬਿਲੀਅਨ ਹੋ ਗਈ। ਇਸੇ ਤਰ੍ਹਾਂ ਬਾਜਵਾ ਦੀ ਨੂੰਹ ਮਹਿਨੂਰ ਸਾਬਿਰ ਦੇ ਨਾਂ 'ਤੇ ਵੀ ਕਈ ਜਾਇਦਾਦਾਂ ਖਰੀਦੀਆਂ ਗਈਆਂ ਸਨ। 2018 ਵਿਚ ਵਿਆਹ ਦੇ ਇੱਕ ਹਫ਼ਤੇ ਦੇ ਅੰਦਰ, ਮਹਿਨੂਰ ਦੀ ਆਮਦਨ ਜ਼ੀਰੋ ਤੋਂ ਲਗਭਗ ਇੱਕ ਅਰਬ ਹੋ ਗਈ।
- ਪਤਨੀ ਆਇਸ਼ਾ ਦੀ ਦੁਬਈ ਵਿਚ ਆਇਲ ਕੰਪਨੀ
ਬਾਜਵਾ ਨੇ ਪਤਨੀ ਆਇਸ਼ਾ ਦੇ ਨਾਮ 'ਤੇ ਦੁਬਈ ਹੈੱਡਕੁਆਟਰ ਵਾਲੀ ਆਇਲ ਕੰਪਨੀ ਖੋਲੀ। ਆਇਸ਼ਾ ਦੇ ਅਮਰੀਕਾ ਵਿਚ ਇਕ ਬੈਂਕ ਵਿਚ 41 ਕਰੋੜ ਰੁਪਏ ਦੀ ਨਕਦੀ ਜਮ੍ਹਾ ਹੈ।
- ਨੂੰਹ ਦੀ ਜਾਇਦਾਦ ਜ਼ੀਰੋ ਤੋਂ 248 ਕਰੋੜ ਹੋਈ
ਅਕਤੂਬਰ 2018 ਵਿਚ ਮਹਿਨੂਰ ਸਾਬਿਰ ਦੀ ਜਾਇਦਾਦ ਜੀਰੋ ਸੀ। 2 ਨਵੰਬਰ 2018 ਵਿਚ ਬਾਜਵਾ ਦੇ ਬੇਟੇ ਸਦੀਕ ਨਾਲ ਵਿਆਹ ਹੁੰਦੇ ਹੀ ਮਹਿਨੂਰ ਸਾਬਿਰ ਦੀ ਜਾਇਦਾਦ 248 ਕਰੋੜ ਰੁਪਏ ਹੋ ਗਈ।