ਮਨਸਾ ਦੇਵੀ ਦੇ ਨੇੜਲੇ ਇਲਾਕੇ 'ਚ ਸ਼ਰਾਬ ਦੀ ਵਿਕਰੀ 'ਤੇ ਲੱਗੇਗੀ ਪਾਬੰਦੀ - ਖੱਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੰਦਰ ਦੇ ਆਲੇ-ਦੁਆਲੇ ਦੇ ਖੇਤਰ ਨੂੰ 'ਪਵਿੱਤਰ ਖੇਤਰ' ਐਲਾਨਿਆ ਜਾਵੇਗਾ

Image

 

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਕਿਹਾ ਕਿ ਪੰਚਕੂਲਾ ਵਿੱਚ ਸਥਿਤ ਪ੍ਰਸਿੱਧ ਮਾਤਾ ਮਨਸਾ ਦੇਵੀ ਮੰਦਰ ਦੇ ਆਲੇ-ਦੁਆਲੇ ਦੇ ਖੇਤਰ ਨੂੰ 'ਪਵਿੱਤਰ ਖੇਤਰ' ਐਲਾਨਿਆ ਜਾਵੇਗਾ, ਅਤੇ 2.5 ਕਿਲੋਮੀਟਰ ਦੇ ਦਾਇਰੇ ਵਿੱਚ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾਈ ਜਾਵੇਗੀ। 

ਸ਼੍ਰੀ ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਖੱਟਰ ਨੇ ਕਿਹਾ, ਕਿ ਮੰਦਰ ਦੇ ਪਰਿਸਰ ਵਿੱਚ ਬਣਨ ਵਾਲਾ ਬਿਰਧ ਆਸ਼ਰਮ ਲਗਭਗ ਤਿਆਰ ਹੈ, ਅਤੇ ਇਸ ਲਈ ਫਰਨੀਚਰ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਸ਼੍ਰਾਈਨ ਬੋਰਡ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਜਲਦੀ ਤੋਂ ਜਲਦੀ ਬਿਰਧ ਆਸ਼ਰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਯੋਜਨਾ ਤਿਆਰ ਕਰੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਿਦਾਇਤ ਕੀਤੀ ਕਿ ਮੰਦਰ ਪਰਿਸਰ ਵਿੱਚ ਬਣਾਏ ਜਾਣ ਵਾਲੇ ਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵੇਦ, ਯੋਗ ਤੇ ਨੈਚੁਰਲ ਮੈਡੀਸਨ, ਅਤੇ ਸੰਸਕ੍ਰਿਤ ਗੁਰੂਕੁਲ ਦਾ ਕੰਮ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ।

ਖੱਟਰ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, “ਮਾਤਾ ਮਨਸਾ ਦੇਵੀ ਮੰਦਰ ਦੇ ਨਿਰਧਾਰਤ ਖੇਤਰ ਵਿੱਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ।"

ਮੰਦਰ ਤੋਂ ਕਰੀਬ 2.5 ਕਿਲੋਮੀਟਰ ਦੇ ਖੇਤਰ 'ਚ ਸ਼ਰਾਬ ਦੀ ਵਿਕਰੀ 'ਤੇ ਪੂਰਨ ਪਾਬੰਦੀ ਹੋਵੇਗੀ। ਮੀਟਿੰਗ ਵਿੱਚ ਖੱਟਰ ਨੇ ਹੁਨਰ ਵਿਕਾਸ ਲਈ ਅੰਤੋਦਿਆ ਸਕੀਮ ਤਹਿਤ ਵਿਦਿਆਰਥੀਆਂ ਨੂੰ ਵਜ਼ੀਫ਼ਾ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ।

ਇਸ ਤਹਿਤ ਪੰਚਕੂਲਾ ਦੇ 1000 ਬੱਚਿਆਂ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 1.80 ਲੱਖ ਰੁਪਏ ਤੱਕ ਹੈ, ਨੂੰ ਹੁਨਰ ਵਿਕਾਸ ਲਈ 3,000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ।