ਅਸੀਂ ਰਾਫੇਲ ਬਣਾਉਣ 'ਚ ਸਮਰਥ ਸੀ, ਪਰ ਸਰਕਾਰ ਨੂੰ ਛੇਤੀ ਡਿਲੀਵਰੀ ਚਾਹੀਦੀ ਸੀ — ਐਚਏਐਲ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਧਵਨ ਨੇ ਕਿਹਾ ਕਿ ਰਾਫੇਲ ਦੀ ਗੱਲ ਚਲ ਰਹੀ ਸੀ ਤਾਂ ਐਚਏਐਲ ਸਮਰਥ ਸੀ। ਪਰ ਜਹਾਜ਼ਾਂ ਨੂੰ ਛੇਤੀ ਹਾਸਲ ਕਰਨ ਦੀ ਲੋੜ ਨੂੰ ਦੇਖਦੇ ਹੋਏ ਜਹਾਜ਼ ਖਰੀਦਣ ਦਾ ਸੌਦਾ ਕੀਤਾ ਗਿਆ।

HAL chief R Madhavan

ਨਵੀਂ ਦਿੱਲੀ, ( ਭਾਸ਼ਾ ) : ਹਿੰਦੂਸਤਾਨ ਏਅਰੋਨੋਟਿਕਸ ਲਿਮਿਟੇਡ ਦੇ ਮੁਖੀ ਆਰ.ਮਾਧਵਨ ਨੇ ਰਾਫੇਲ ਜਹਾਜ਼ਾਂ ਦੇ ਸੌਦੇ ਦਾ ਬਚਾਅ ਕਰਦੇ ਹੋਏ ਕਿਹਾ ਕਿ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਦਾ ਸੌਦਾ ਜਹਾਜ਼ਾਂ ਦੀ ਲੋੜ ਮੁਤਾਬਕ ਕੀਤਾ ਗਿਆ ਹੈ ਅਤੇ ਇੰਨੀ ਗਿਣਤੀ ਵਿਚ ਜਹਾਜ਼ ਭਾਰਤ ਵਿਚ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਧਵਨ ਨੇ ਕਿਹਾ ਕਿ ਸ਼ੁਰੂ ਵਿਚ ਰਾਫੇਲ ਦੀ ਗੱਲ ਚਲ ਰਹੀ ਸੀ ਤਾਂ ਐਚਏਐਲ ਸਮਰਥ ਸੀ। ਪਰ ਸਰਕਾਰ ਨੂੰ ਛੇਤੀ ਤੋਂ ਛੇਤੀ ਜਹਾਜ਼ਾਂ ਨੂੰ ਹਾਸਲ ਕਰਨ ਦੀ ਲੋੜ ਨੂੰ ਦੇਖਦੇ ਹੋਏ ਜਹਾਜ਼ ਖਰੀਦਣ ਦਾ ਸੌਦਾ ਕੀਤਾ ਗਿਆ।

ਜੇਕਰ ਪਹਿਲਾਂ ਦੀ ਤਰ੍ਹਾਂ ਹੁੰਦਾ ਤਾਂ ਅਸੀਂ ਕੁਝ ਜਹਾਜ਼ ਖਰੀਦ ਲੈਂਦੇ ਅਤੇ ਕੁਝ ਇਥੇ ਤਿਆਰ ਕਰ ਲੈਂਦੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੌਜੂਦਾ ਸੌਦੇ ਵਿਚ ਐਚਏਐਲ ਨਹੀਂ ਹੈ ਇਸ ਲਈ ਉਹ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਦੂਜੇ ਪਾਸੇ ਰੱਖਿਆ ਮੰਤਰੀ ਸੀਤਾਰਮਣ ਨੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਦੀ ਮੁਹਿੰਮ ਝੂਠ 'ਤੇ ਆਧਾਰਿਤ ਸੀ। ਉਹਨਾਂ ਸਵਾਲ ਕੀਤਾ ਕਿ ਕੀ ਕਾਂਗਰਸ ਦੇਸ਼ ਨੂੰ ਇਸ ਗੱਲ ਦਾ ਯਕੀਨ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿ ਉਹ ਸੁਪਰੀਮ ਕੋਰਟ ਤੋਂ ਉਪਰ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ ਕਾਂਗਰਸ  ਲੜਾਕੂ ਜਹਾਜ਼ਾਂ ਦੇ ਸੌਦੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਦਿਤੇ ਫ਼ੈਸਲੇ ਨੂੰ ਵੀ ਸਵੀਕਾਰ ਨਹੀਂ ਕਰਨਾ ਚਾਹੁੰਦੀ। ਕਾਂਗਰਸ ਦੇ ਸੀਨੀਅਰ ਨੇਤਾ ਵਿਰੱਪਾ ਮੋਇਲੀ ਨੇ ਕਿਹਾ ਕਿ ਜੇਕਰ ਅਗਲੀਆਂ ਲੋਕਸਭਾ ਚੋਣਾਂ ਵਿਚ ਉਹਨਾਂ ਦੀ ਸਰਕਾਰ ਸੱਤਾ ਵਿਚ ਆਈ ਤਾਂ ਹਿੰਦੂਸਤਾਨ ਏਅਰੋਨੋਟਿਕਸ ਲਿਮਿਟੇਡ ਨੂੰ ਆਫਸੇਟ ਸਾਂਝੇਦਾਰ ਦੇ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ

ਅਤੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਰਾਫੇਲ ਸੌਦੇ ਤੋਂ ਬਾਹਰ ਕੱਢ ਦਿਤਾ ਜਾਵੇਗ। ਅਸੀਂ ਐਚਏਐਲ ਦਾ ਸਮਰਥਨ ਕਰਾਂਗੇ। ਇਸ ਲਈ ਵਚਨਬੱਧ ਵੀ ਹਾਂ। ਉਹਨਾਂ ਕਿਹਾ ਕਿ ਰਾਫੇਲ 'ਤੇ ਸਾਡਾ ਭਰੋਸਾ ਹੈ ਕਿ ਇਹ ਵਧੀਆ ਹੈ ਤੇ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਹੀ ਰਾਫੇਲ ਜਹਾਜ਼ਾਂ ਦੇ ਪ੍ਰੋਜੈਕਟ ਨੂੰ ਲੈ ਕੇ ਐਚਏਐਲ ਦੇ ਨਾਲ ਅੰਤਮ ਰੂਪ ਦਿਤਾ ਗਿਆ ਸੀ।