ਰਾਫੇਲ ਸੌਦੇ ਸਬੰਧੀ ਕਾਂਗਰਸ ਨੇਤਾ ਵੀਰੱਪਾ ਮੋਇਲੀ ਦਾ ਹਵਾਈ ਸੈਨਾ ਮੁਖੀ ਬੀਐਸ ਧਨੋਆ 'ਤੇ ਵੱਡਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਇਲੀ ਨੇ ਕਿਹਾ ਕਿ ਸਰਕਾਰੀ ਰਿਕਾਰਡ ਵਿਚ ਰੱਖਿਆ ਮੰਤਰੀ ਅਤੇ ਹਵਾਈ ਸੈਨਾ ਮੁਖੀ ਧਨੋਆ ਚਾਹੁੰਦੇ ਸਨ ਕਿ ਹਿੰਦੂਸਤਾਨ ਏਅਰੋਨੈਟਿਕਸ ਲਿਮਿਟੇਡ ਨੂੰ ਸ਼ਾਮਲ ਕੀਤਾ ਜਾਵੇ।

Congress leader Veerappa Moily

ਨਵੀਂ ਦਿੱਲੀ, ( ਪੀਟੀਆਈ) : ਰਾਫੇਲ ਸੌਦੇ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਵਿਰੋਧੀ ਦਲ ਕਾਂਗਰਸ ਵਿਚਕਾਰ ਵਿਵਾਦ ਚਲ ਰਿਹਾ ਹੈ। ਅਜਿਹੇ ਵਿਚ ਸਾਬਕਾ ਕੇਂਦਰੀ ਮੰਤਰੀ ਵੀਰੱਪਾ ਮੋਇਲੀ ਨੇ ਹਵਾਈ ਸੈਨਾ ਮੁਖੀ ਬੀਐਸ ਧਨੋਆ 'ਤੇ ਝੂਠ ਬੋਲਣ ਦਾ ਗੰਭੀਰ ਦੋਸ਼ ਲਗਾਇਆ ਹੈ। ਮੋਇਲੀ ਨੇ ਕਿਹਾ ਕਿ ਧਨੋਆ ਨੇ ਸੱਚ ਨੂੰ ਦਬਾਉਣ ਦੇ ਲਈ ਝੂਠ ਬੋਲਿਆ।

ਦੱਸ ਦਈਏ ਕਿ ਇਕ ਦਿਨ ਪਹਿਲਾਂ ਹੀ ਧਨੋਆ ਨੇ ਜੋਧਪੁਰ ਵਿਖੇ ਕਿਹਾ ਸੀ ਕਿ ਰਾਫੇਲ ਸੌਦਾ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਇਕ ਵੱਡਾ ਬਦਲਾਅ ਸਾਬਤ ਹੋਵੇਗਾ। ਉਥੇ ਹੀ ਉਹਨਾਂ ਨੇ ਰਾਫੇਲ ਸੌਦੇ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਵੀ ਸ਼ਾਨਦਾਰ ਕਰਾਰ ਦਿਤਾ ਸੀ। ਮੋਇਲੀ ਨੇ ਕਿਹਾ ਕਿ ਸਰਕਾਰੀ ਰਿਕਾਰਡ ਵਿਚ ਰੱਖਿਆ ਮੰਤਰੀ ਅਤੇ ਹਵਾਈ ਸੈਨਾ ਮੁਖੀ ਧਨੋਆ ਚਾਹੁੰਦੇ ਸਨ ਕਿ ਹਿੰਦੂਸਤਾਨ ਏਅਰੋਨੈਟਿਕਸ ਲਿਮਿਟੇਡ ਨੂੰ ਸ਼ਾਮਲ ਕੀਤਾ ਜਾਵੇ।

ਧਨੋਆ ਉਸ ਵੇਲੇ ਦਿਸਾਲਟ ਦੇ ਨਾਲ ਐਚਏਐਲ ਵੀ ਗਏ ਸਨ ਅਤੇ ਉਹਨਾਂ ਨੇ ਐਚਏਐਲ ਨੂੰ ਸਮਰਥ ਪਾਇਆ ਸੀ।  ਮੋਇਲੀ ਮੁਤਾਬਕ ਉਹਨਾਂ ਨੂੰ ਲਗਦਾ ਹੈ ਕਿ ਧਨੋਆ ਝੂਠ ਬੋਲ ਰਹੇ ਹਨ ਅਤੇ ਸੱਚ ਨੂੰ ਦਬਾਅ ਰਹੇ ਹਨ। ਮੋਇਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸੁਰੱਖਿਆ ਅਤੇ ਖਜਾਨੇ 'ਤੇ ਸਮਝੌਤਾ ਕਰਨ ਲਈ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਵੀ ਸਰਕਾਰ ਦੇ ਝੂਠ ਦੇ ਆਧਾਰ 'ਤੇ ਹੀ ਆਇਆ ਹੈ।

ਉਥੇ ਹੀ ਹਵਾਈ ਸੈਨਾ ਮੁਖੀ ਧਨੋਆ ਨੇ ਰੱਖਿਆ ਸੌਦਿਆਂ ਦੇ ਰਾਜਨੀਤੀਕਰਨ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਬੋਫੋਰਸ ਤੋਪ ਹਾਸਲ ਕਰਨ ਵਿਚ ਬਹੁਤ ਦੇਰ ਹੋ ਗਈ ਸੀ। ਧਨੋਆ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਮੈਂ ਕੁਝ ਨਹੀਂ ਕਹਾਂਗਾ। ਪਰ ਉਹਨਾਂ ਨੇ ਬਹੁਤ ਵਧੀਆ ਫ਼ੈਸਲਾ ਦਿਤਾ ਹੈ। ਇਸ ਜਹਾਜ਼ ਦੀ ਬਹੁਤ ਲੋੜ ਸੀ।

ਦੂਜੇ ਪਾਸੇ ਮੋਇਲੀ ਦੇ ਦੋਸ਼ਾਂ 'ਤੇ ਭਾਜਪਾ ਸੰਸਦ ਮੰਤਰੀ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਕਾਂਗਰਸ ਨੇਤਾ ਦਾ ਬਿਆਨ ਨਾ ਸਿਰਫ ਹਵਾਈ ਸੈਨਾ ਦਾ ਨਿਜੀ ਤੌਰ 'ਤੇ ਅਪਮਾਨ ਹੈ ਸਗੋਂ ਦੇਸ਼ ਦਾ ਵੀ ਅਪਮਾਨ ਹੈ। ਉਹਨਾਂ ਕਿਹਾ ਕਿ ਮੋਇਲੀ ਨੂੰ ਇਹਨਾਂ ਦੋਸ਼ਾਂ ਦੇ ਲਈ ਜਨਤਕ ਤੌਰ 'ਤੇ ਮਾਫੀ ਮੰਗਣੀ ਚਾਹੀਦੀ ਹੈ।