ਕਿਸਾਨਾਂ ਦੇ ਸਮਰਥਨ ‘ਚ ਮੁੰਬਈ ਵਿਖੇ ਵੀ ਪ੍ਰਦਰਸ਼ਨ, ਕਈ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਂਦਰਾ ਕਲੈਕਟਰ ਦਫ਼ਤਰ ਤੋਂ ਲੈ ਕੇ ਰਿਲਾਇੰਸ ਕਾਰਪੋਰੇਟ ਦਫ਼ਤਰ ਤੱਕ ਕੱਢਿਆ ਰੋਸ ਮਾਰਚ

Farmers Protest

ਮੁੰਬਈ: ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ ਦੇ ਕਿਸਾਨਾਂ ਦੇ ਸਮਰਥਨ ਵਿਚ ਅੱਜ ਮੁੰਬਈ ਵਿਚ ਕਈ ਜਥੇਬੰਦੀਆਂ ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜਥੇਬੰਦੀਆਂ ਨੇ ਬਾਂਦਰਾ ਕਲੈਕਟਰ ਦਫ਼ਤਰ ਤੋਂ ਲੈ ਕੇ ਰਿਲਾਇੰਸ ਕਾਰਪੋਰੇਟ ਦਫ਼ਤਰ ਤੱਕ ਰੋਸ ਮਾਰਚ ਕੱਢਿਆ।

ਇਸ ਤੋਂ ਬਾਅਦ ਸਾਰੇ ਪ੍ਰਦਰਸ਼ਨਕਾਰੀ ਡਾਕਟਰ ਬਾਬਾ ਸਾਹਿਬ ਅੰਬੇਦਕਰ ਬਾਗ ਵਿਚ ਇਕੱਠੇ ਹੋਏ। ਬਾਗ ਦੇ ਚਾਰੇ ਪਾਸੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਗਈ। ਇਸ ਦੇ ਨਾਲ ਹੀ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਸਥਾਨਕ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵਿਚੋਂ ਕਈ ਕਿਸਾਨ ਦਿੱਲੀ ਗਏ ਹਨ ਤੇ ਕੁਝ ਕਿਸਾਨ ਮੁੰਬਈ ਵਿਚ ਹੀ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਕਿਸਾਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।

ਇਹਨਾਂ ਵਿਚੋਂ ਦਿੱਲੀ ਰਵਾਨਾ ਹੋਏ ਕਿਸਾਨ ਅਪਣੇ ਨਾਲ ਰਾਸ਼ਣ ਸਮੇਤ ਹੋਰ ਜ਼ਰੂਰਤ ਦਾ ਸਮਾਨ ਲੈ ਕੇ ਗਏ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸੰਘਰਸ਼ ਦੇ ਅਖੀਰ ਤੱਕ ਦਿੱਲੀ ਬਾਰਡਰ ‘ਤੇ ਡਟੇ ਰਹਿਣਗੇ।

ਦੱਸ ਦਈਏ ਕਿ ਦਿੱਲੀ ਵਿਚ ਅਪਣੇ ਹੱਕਾਂ ਦੀ ਲੜਾਈ ਲਈ ਕਰੀਬ ਇਕ ਮਹੀਨੇ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ। ਇਹਨਾਂ ਕਿਸਾਨਾਂ ਨੂੰ ਦੁਨੀਆਂ ਭਰ ਦੀਆਂ ਸੰਸਥਾਵਾਂ ਤੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਸਰਕਾਰ ਨਾਲ ਪੰਜ ਦੌਰ ਦੀ ਬੈਠਕ ਵਿਚੋਂ ਕੋਈ ਹੱਲ ਨਾ ਨਿਕਲਣ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲ਼ਾਨ ਕੀਤਾ ਹੈ।