ਯੂਨਾਇਟਡ ਸਿੱਖਸ ਵੱਲੋਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਲਈ ਇਕ ਕਰੋੜ ਦੀ ਰਾਸ਼ੀ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਯੂਨਾਇਟਡ ਸਿੱਖਸ ਦੇ ਸੀਈਓ ਜਗਦੀਪ ਸਿੰਘ ਨੇ ਕੀਤਾ ਐਲਾਨ

United Sikhs announce Rs 1 crore for martyrs of peasant struggle

ਨਿਊਯਾਰਕ: ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ‘ਯੂਨਾਇਟਡ ਸਿੱਖਸ’ ਸਮੇਤ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ ਹੈ। ਦੁੱਖ ਦੀ ਗੱਲ ਇਹ ਵੀ ਹੈ ਕਿ ਇਸ ਕਿਸਾਨੀ ਅੰਦੋਲਨ ਦੇ ਚਲਦਿਆਂ ਹੁਣ ਤਕ ਬਹੁਤ ਸਾਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ।

ਵਿਸ਼ਵ ਪ੍ਰਸਿੱਧ ਸਿੱਖ ਸੰਸਥਾ ਯੂਨਾਇਟਡ ਸਿੱਖਸ ਵੱਲੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਯੂਨਾਇਟਡ ਸਿੱਖਸ ਦੇ ਸੀਈਓ ਜਗਦੀਪ ਸਿੰਘ ਵੱਲੋਂ ਦਿੱਤੀ ਗਈ। ਯੂਨਾਇਟਡ ਸਿੱਖਸ ਦੇ ਸੀਈਓ ਜਗਦੀਪ ਸਿੰਘ ਨੇ ਕਿਹਾ ਕਿ ਪੋਹ ਦੇ ਮਹੀਨੇ ਵਿਚ ਅੱਤ ਦੀ ਠੰਢ ਹੁੰਦੀ ਹੈ।

ਇਸ ਮਹੀਨੇ ਵਿਚ ਹੀ ਬੇਅੰਤ ਸਿੱਖਾਂ ਦੀਆਂ ਕੁਰਬਾਨੀਆਂ ਹੋਈਆਂ ਹਨ। ਇਸੇ ਠੰਢ ਵਿਚ ਸਿੱਖ ਇਤਿਹਾਸ ਦੇ ਪੈਰੋਕਾਰ ਤੇ ਦੁਨੀਆਂ ਭਰ ਵਿਚ ਵਸਦੇ ਸਿੱਖ ਭੁੰਜੇ ਸੌਂਦੇ ਹਨ, ਅੱਜ ਇਹ ਸੱਚਾਈ ਸਾਡੇ ਸਾਹਮਣੇ ਨਵੇਂ ਰੂਪ ਵਿਚ ਵਾਪਰ ਰਹੀ ਹੈ। ਉਹਨਾਂ ਕਿਹਾ ਕਿ ਸਾਡੇ ਲਈ ਅੰਨ ਉਗਾਉਣ ਵਾਲੇ ਕਿਸਾਨ ਤੇ ਬੀਬੀਆਂ ਅੱਜ ਠੰਢ ਦੇ ਮੌਸਮ ਵਿਚ ਸੜਕਾਂ ਜਾਂ ਟਰਾਲੀਆਂ ‘ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ।

ਇਹ ਕਿਸਾਨ ਅਪਣੀਆਂ ਜਾਨਾਂ ਵਾਰਨ ਲਈ ਵੀ ਤਿਆਰ ਹਨ। ਇਸ ਦੌਰਾਨ ਕਈ ਕਿਸਾਨ ਭਰਾ ਦੁਨੀਆਂ ਨੂੰ ਅਲਵਿਦਾ ਵੀ ਕਹਿ ਗਏ ਹਨ। ਜਗਦੀਪ ਸਿੰਘ ਨੇ ਕਿਹਾ ਕਿ ਯੂਨਾਇਟਡ ਸਿੱਖਸ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਇਕ ਕਰੋੜ ਦੀ ਰਾਸ਼ੀ ਰਾਖਵੀਂ ਕਰਨ ਦਾ ਐਲ਼ਾਨ ਕੀਤਾ ਜਾਂਦਾ ਹੈ। ਇਸ ਦੇ ਲਈ ਸਮੂਹ ਪ੍ਰਵਾਸੀ ਪੰਜਾਬੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਯੂਨਾਇਟਡ ਸਿੱਖਸ ਵੱਲੋਂ ਕੀਤੀ ਜਾ ਰਹੀ ਸੇਵਾ ਵਿਚ ਕਿਸੇ ਕਿਸਮ ਦੀ ਕਮੀ ਨਹੀਂ ਆਵੇਗੀ। ਦੱਸ ਦਈਏ ਕਿ ਯੂਨਾਇਟਡ ਸਿੱਖਸ ਵੱਲੋਂ ਦਿੱਲੀ ਬਾਰਡਰ ’ਤੇ ਲੱਗੇ ਵੱਖ-ਵੱਖ ਧਰਨਿਆਂ ਵਿਚ ਲੰਗਰ, ਦਵਾਈਆਂ, ਬਿਸਤਰਿਆਂ, ਵਾਸ਼ਿੰਗ ਮਸ਼ੀਨਾਂ ਸਮੇਤ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।