ਨਾਬਾਲਗ ਲੜਕੀ ਨੂੰ ਅਗਵਾ ਕਰਕੇ ਵੇਚਣ ਦੇ ਦੋਸ਼ ਹੇਠ ਸੱਤ ਜਣੇ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮਾਂ ਵਿੱਚ ਦੋ ਔਰਤਾਂ ਵੀ ਸ਼ਾਮਲ 

Image

 

ਕੋਰਬਾ - ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਤੋਂ ਇਸ ਸਾਲ ਅਕਤੂਬਰ ਵਿੱਚ ਇੱਕ 15 ਸਾਲਾ ਲੜਕੀ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਹਰਿਆਣਾ ਵਿੱਚ ਇੱਕ ਵਿਅਕਤੀ ਨੂੰ ਵੇਚ ਦਿੱਤਾ ਗਿਆ, ਜਿਸ ਨੇ ਉਸ ਨਾਲ ਕਥਿਤ ਤੌਰ 'ਤੇ ਕਈ ਵਾਰ ਬਲਾਤਕਾਰ ਕੀਤਾ। ਲੜਕੀ ਨੂੰ ਛੁਡਾਉਣ ਤੋਂ ਬਾਅਦ ਪੁਲਿਸ ਨੇ ਮਾਮਲੇ 'ਚ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਡਿਪਟੀ ਸੁਪਰਡੈਂਟ ਆਫ਼ ਪੁਲਿਸ (ਕੋਰੀਆ) ਕਵਿਤਾ ਠਾਕੁਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਟਨਾ ਥਾਣਾ ਖੇਤਰ ਤੋਂ ਦੋ ਮਹੀਨਿਆਂ ਬਾਅਦ ਲਾਪਤਾ ਪੀੜਤਾ ਨੂੰ ਸੋਨੀਪਤ (ਹਰਿਆਣਾ) ਤੋਂ ਛੁਡਾਉਣ ਤੋਂ ਬਾਅਦ, ਇਸ ਮਾਮਲੇ ਵਿੱਚ ਦੋ ਔਰਤਾਂ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ, ''ਲੜਕੀ ਨੂੰ ਇਸ ਸਾਲ 11 ਅਕਤੂਬਰ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਆਪਣੇ ਪਰਿਵਾਰ ਨਾਲ ਦਸ਼ਹਿਰਾ ਤਿਉਹਾਰ ਦੇਖਣ ਗਈ ਸੀ।

ਪੁਲਿਸ ਨੇ ਉਦੋਂ ਮਾਮਲਾ ਦਰਜ ਕੀਤਾ ਸੀ ਅਤੇ ਠਾਕੁਰ ਦੀ ਅਗਵਾਈ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ।

ਠਾਕੁਰ ਨੇ ਦੱਸਿਆ ਕਿ ਜਾਂਚ ਦੌਰਾਨ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਪੀੜਤਾ ਬਾਰੇ ਸੁਰਾਗ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਹਰਿਆਣਾ ਭੇਜੀ ਗਈ ਜਿੱਥੋਂ ਲੜਕੀ ਨੂੰ ਛੁਡਵਾਇਆ ਗਿਆ।

ਪੁਲਿਸ ਅਧਿਕਾਰੀ ਨੇ ਕਿਹਾ, ''ਜਾਂਚ ਤੋਂ ਪਤਾ ਲੱਗਿਆ ਹੈ ਕਿ ਲੜਕੀ ਨੂੰ ਅਗਵਾ ਕਰ ਕੇ ਇੱਕ 35 ਸਾਲਾ ਵਿਅਕਤੀ ਨੂੰ ਵੇਚਿਆ, ਜਿਸ ਨੇ ਕਥਿਤ ਤੌਰ 'ਤੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।''

ਉਨ੍ਹਾਂ ਦੱਸਿਆ ਕਿ ਸੋਨੀਪਤ ਦੇ ਇੱਕ ਵਿਅਕਤੀ ਤੋਂ ਇਲਾਵਾ ਮੰਗਲਵਾਰ ਨੂੰ ਕੋਰੀਆ ਤੋਂ ਦੋ ਔਰਤਾਂ ਸਮੇਤ ਤਿੰਨ ਮੁਲਜ਼ਮ, ਕੋਰਬਾ ਤੋਂ ਦੋ ਅਤੇ ਸੂਰਜਪੁਰ (ਸਾਰੇ ਛੱਤੀਸਗੜ੍ਹ ਵਿੱਚ) ਤੋਂ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ 'ਤੇ ਪੀੜਤ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਵੇਚਣ ਦਾ ਦੋਸ਼ ਹੈ।

ਠਾਕੁਰ ਨੇ ਕਿਹਾ ਕਿ ਦੋਸ਼ੀਆਂ 'ਤੇ ਭਾਰਤੀ ਦੰਡਾਵਲੀ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।