ਔਰਤਾਂ ਦੇ ਧਰਨੇ ‘ਚ ਸ਼ਾਮਲ ਹੋਏ ਅਜ਼ਾਦ, ਕਿਹਾ, ‘ਅਗਲੇ 10 ਦਿਨਾਂ ‘ਚ ਹੋਣਗੇ 5,000 ਸ਼ਾਹੀਨ ਬਾਗ’

ਏਜੰਸੀ

ਖ਼ਬਰਾਂ, ਰਾਸ਼ਟਰੀ

ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਅਗਲੇ 10 ਦਿਨਾਂ ਵਿਚ ਸ਼ਾਹੀਨ ਬਾਗ ਦੀ ਤਰ੍ਹਾਂ 5,000 ਹੋਰ ਪ੍ਰਦਰਸ਼ਨ ਸਥਾਨ ਹੋਣਗੇ।

Photo

ਨਵੀਂ ਦਿੱਲੀ: ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਅਗਲੇ 10 ਦਿਨਾਂ ਵਿਚ ਸ਼ਾਹੀਨ ਬਾਗ ਦੀ ਤਰ੍ਹਾਂ 5,000 ਹੋਰ ਪ੍ਰਦਰਸ਼ਨ ਸਥਾਨ ਹੋਣਗੇ। ਅਜ਼ਾਦ ਸੀਏਏ ਅਤੇ ਐਨਆਰਸੀ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਸਮਰਥਨ ਦੇਣ ਲਈ ਦਿੱਲੀ ਵਿਚ ਸਥਿਤ ਸ਼ਾਹੀਨ ਬਾਗ ਪਹੁੰਚੇ।

ਉੱਥੇ ਮੌਜੂਦ ਭੀੜ ਨੂੰ ਸੰਬੋਧਨ ਕਰਦੇ ਹੋਏ ਚੰਦਰਸ਼ੇਖਰ ਅਜ਼ਾਦ ਨੇ ਕਿਹਾ ਕਿ ਨਾਗਰਿਕਤਾ ਕਾਨੂੰਨ ‘ਕਾਲਾ ਕਾਨੂੰਨ’ ਹੈ ਜੋ ਲੋਕਾਂ ਨੂੰ ਧਰਮ ਦੇ ਅਧਾਰ ‘ਤੇ ਵੰਡ ਰਿਹਾ ਹੈ। ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਧਰਨਾ ਦੇ ਰਹੀਆਂ ਔਰਤਾਂ ਨੂੰ ਉਹਨਾਂ ਨੇ ਕਿਹਾ, ‘ਮੈਂ ਇਸ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਵਧਾਈ ਦੇਣਾ ਚਾਵਾਂਗਾ'।

'ਇਹ ਸਿਰਫ ਇਕ ਸਿਆਸੀ ਅੰਦੋਲਨ ਨਹੀਂ ਹੈ। ਸਾਨੂੰ ਸੰਵਿਧਾਨ ਅਤੇ ਦੇਸ਼ ਦੀ ਏਕਤਾ ਨੂੰ ਬਚਾਉਣਾ ਚਾਹੀਦਾ ਹੈ’। ਚੰਦਰਸ਼ੇਖਰ ਅਜ਼ਾਦ ਨੇ ਕਿਹਾ ਕਿ ਹੱਡ ਚੀਰਵੀਂ ਠੰਢ ਵੀ ਇਹਨਾਂ ਔਰਤਾਂ ਦੇ ਹੌਂਸਲਿਆਂ ਨੂੰ ਨਹੀਂ ਤੋੜ ਸਕੀ। ਅਜ਼ਾਦ ਦੇ ਪਹੁੰਚਣ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਫੈਜ਼ ਅਹਿਮਦ ਫੈਜ਼ ਦੀ ਨਜ਼ਮ ‘ਹਮ ਦੇਖੇਂਗੇ’ ਗਾ ਰਹੇ ਸੀ।

ਸੰਵਿਧਾਨ ਨੂੰ ਫੜ੍ਹ ਕੇ ਕਿਹਾ, ‘ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ, ਅਗਲੇ 10 ਦਿਨਾਂ ਵਿਚ ਦੇਸ਼ ਭਰ ਵਿਚ ਘੱਟੋ ਘੱਟ 5,000 ਹੋਰ ਸ਼ਾਹੀਨ ਬਾਗ ਹੋਣਗੇ’। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਭੀਮ ਆਰਮੀ ਦੇ ਮੁਖੀ ਕਾਫੀ ਚਰਚਾ ਵਿਚ ਹਨ। ਚੰਦਰਸ਼ੇਖਰ ਨੂੰ ਜਾਮਾ ਮਸਜਿਦ ‘ਤੇ ਪ੍ਰਦਰਸ਼ਨ ਕਰਨ ‘ਤੇ 21 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਅਜ਼ਾਦ ਦੇ ਸੰਗਠਨ ਨੇ ਪੁਲਿਸ ਦੀ ਇਜਾਜ਼ਤ ਤੋਂ ਬਿਨਾਂ 20 ਦਸੰਬਰ ਨੂੰ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਾਮਾ ਮਸਜਿਦ ਦੇ ਜੰਤਰ-ਮੰਤਰ ਤੱਕ ਮਾਰਚ ਦਾ ਅਯੋਜਨ ਕੀਤਾ ਸੀ। ਭੀਮ ਆਰਮੀ ਮੁਖੀ ਨੂੰ 21 ਦਸੰਬਰ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ‘ਤੇ ਰਿਹਾ ਕਰਦੇ ਹੋਏ ਕੋਰਟ ਨੇ ਦਿੱਲੀ ਛੱਡਣ ਲਈ ਕਿਹਾ ਸੀ। ਦਿੱਲੀ ਛੱਡਣ ਦੀ ਡੈੱਡਲਾਈਨ ਪੂਰੀ ਹੋਣ ਤੋਂ ਪਹਿਲਾਂ ਉਹਨਾਂ ਨੇ ਜਾਮਾ ਮਸਜਿਦ ਦੀਆਂ ਪੌੜੀਆਂ ‘ਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਬੈਠ ਕੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਸੀ।