ਕੇਂਦਰ ਦੇ ਮੰਤਰੀ ਜੰਮੂ-ਕਸ਼ਮੀਰ ਪੁੱਜੇ, ਪਾਬੰਦੀਆਂ ਬਾਰੇ ਚੁੱਪ ਵੱਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਾਰਾ 370 ਹਟਾਉਣ ਦੇ ਪੰਜ ਮਹੀਨਿਆਂ ਮਗਰੋਂ ਲੋਕਾਂ ਤਕ ਪੁੱਜਣ ਦਾ ਯਤਨ

Photo

ਸ਼੍ਰੀਨਗਰ : ਵਾਦੀ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਹਟਾਉਣ ਦੇ ਪੰਜ ਮਹੀਨਿਆਂ ਮਗਰੋਂ ਕੇਂਦਰ ਸਰਕਾਰ ਦੇ 36 ਮੰਤਰੀ ਜੰਮੂ ਕਸ਼ਮੀਰ ਪੁੱਜੇ ਹਨ। ਲੋਕਾਂ ਨੂੰ ਭਰੋਸਾ ਦੇਣ ਅਤੇ ਉਨ੍ਹਾਂ ਦੀ ਗੱਲ ਸੁਣਨ ਦੀ ਇਹ ਕੇਂਦਰ ਸਰਕਾਰ ਦੀ ਸੱਭ ਤੋਂ ਵੱਡੀ ਮੁਹਿੰਮ ਹੈ। ਮੰਤਰੀਆਂ ਦੇ ਦੌਰੇ ਦਾ ਮਕਸਦ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਹੋ ਦਸਣਾ ਹੈ ਕਿ ਕੇਂਦਰ ਨੇ ਧਾਰਾ 370 ਖ਼ਤਮ ਕਰਨ ਦਾ ਜਿਹੜਾ ਫ਼ੈਸਲਾ ਕੀਤਾ ਹੈ, ਉਹ ਉਨ੍ਹਾਂ ਦੇ ਹਿੱਤ ਵਿਚ ਹੈ।

ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਸ੍ਰੀਨਗਰ ਵਿਚ ਲੋਕਾਂ ਨੂੰ ਕਿਹਾ ਕਿ 370 ਹਟਾਉਣ ਦਾ ਹਾਂਪੱਖੀ ਅਸਰ ਲੋਕਾਂ ਦੀਆਂ ਜ਼ਿੰਦਗੀਆਂ 'ਤੇ ਪਵੇਗਾ ਅਤੇ ਕਸ਼ਮੀਰ ਵਿਕਾਸ ਦੀ ਨਵੀਂ ਰਾਹ 'ਤੇ ਅੱਗੇ ਵਧੇਗਾ। ਉਨ੍ਹਾਂ ਲਾਲ ਚੌਕ ਵਿਚ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਥੇ ਸੱਭ ਠੀਕ ਹੈ, ਹਾਂਪੱਖੀ ਮਾਹੌਲ ਹੈ।

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਲੋਕਾਂ ਅੰਦਰ ਬਹੁਤ ਵਿਸ਼ਵਾਸ ਹੈ, ਹਾਂਪੱਖੀ ਮਾਹੌਲ ਹੈ ਅਤੇ ਅਸੀਂ ਲੋਕਾਂ ਕੋਲ ਜਾ ਰਹੇ ਹਾਂ ਤੇ ਇਸ ਹਾਂਪੱਖੀ ਭਾਵਨਾ ਨੂੰ ਦੂਜੇ ਲੋਕਾਂ ਵਿਚ ਵੀ ਫੈਲਾ ਰਹੇ ਹਾਂ। ਅਸੀਂ ਤਬਦੀਲੀ ਦਾ ਮਜ਼ਬੂਤ ਮਾਹੌਲ ਬਣਾਉਣ ਲਈ ਕੰਮ ਕਰ ਰਹੇ ਹਾਂ।' ਉਂਜ, ਕਸ਼ਮੀਰ ਵਿਚ ਜ਼ਮੀਨੀ ਹਾਲਾਤ ਇਹ ਹਨ ਕਿ ਪੰਜ ਮਹੀਨਿਆਂ ਮਗਰੋਂ ਵੀ ਆਮ ਜਨਜੀਵਨ ਲਗਭਗ ਠੱਪ ਹੋਇਆ ਪਿਆ ਹੈ। ਵਾਦੀ ਵਿਚ ਬੰਦ ਜਿਹੇ ਹਾਲਾਤ ਹਨ।

ਕਈ ਪਾਬੰਦੀਆਂ ਲਾਗੂ ਹਨ ਅਤੇ ਇੰਟਰਨੈਟ 'ਤੇ ਪਾਬੰਦੀ ਹਾਲੇ ਵੀ ਲੱਗੀ ਹੋਈ ਹੈ। ਇਸ ਸਵਾਲ 'ਤੇ ਨਕਵੀ ਨੇ ਕਿਹਾ ਕਿ ਇਥੇ ਮਾਹੌਲ ਸ਼ਾਂਤ ਹੈ। ਕਿਸੇ ਵੀ ਨਾਗਰਿਕ ਦੀ ਜਾਨ ਨਹੀਂ ਗਈ। ਇੰਟਰਨੈਟ 'ਤੇ ਪਾਬੰਦੀ ਹਟਾਉਣ ਦਾ ਫ਼ੈਸਲਾ ਸਥਾਨਕ ਪ੍ਰਸ਼ਾਸਨ ਕਰੇਗਾ। ਸਾਰੇ ਮੰਤਰੀ ਅਗਲੇ ਦਿਨਾਂ ਦੌਰਾਨ 60 ਥਾਵਾਂ 'ਤੇ ਜਾਣਗੇ। ਜਦ ਨਕਵੀ ਨੂੰ ਪੁਛਿਆ ਗਿਆ ਕਿ ਜੰਮੂ ਵਲ ਜ਼ਿਆਦਾ ਧਿਆਨ ਹੈ ਤੇ ਕਸ਼ਮੀਰ ਵਲ ਘੱਟ ਤਾਂ ਉਨ੍ਹਾਂ ਅਲਾਮਾ ਇਕਬਾਲ ਦਾ ਸ਼ੇਅਰ ਪੜ੍ਹਿਆ 'ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ।' ਉਨ੍ਹਾਂ ਕਿਹਾ ਕਿ ਹਾਲੇ ਇਹ ਸ਼ੁਰੂਆਤ ਹੈ।

ਨੈਸ਼ਨਲ ਕਾਨਫ਼ਰੰਸ ਨੇ ਮੰਤਰੀਆਂ ਦੇ ਦੌਰੇ ਦਾ ਵਿਰੋਧ ਕੀਤਾ ਹੈ। ਪਾਰਟੀ ਨੇ ਕਿਹਾ ਕਿ ਤਿੰਨ ਮੁੱਖ ਮੰਤਰੀ ਨਜ਼ਰਬੰਦ ਹਨ, ਸੋ ਦੌਰੇ ਦਾ ਕੋਈ ਅਰਥ ਨਹੀਂ। ਪਾਰਟੀ ਨੇ ਕਿਹਾ ਕਿ ਮੰਤਰੀ ਲੋਕਾਂ ਨੂੰ ਨਹੀਂ, ਸਗੋਂ ਅਪਣੇ ਹੀ ਆਗੂਆਂ ਅਤੇ ਕਾਰਕੁਨਾਂ ਨੂੰ ਮਿਲ ਰਹੇ ਹਨ।

ਕਸ਼ਮੀਰ ਦੇ ਕੁੱਝ ਆਗੂ ਅਤੇ ਲੋਕ ਮੰਤਰੀਆਂ ਦੇ ਦੌਰੇ ਤੋਂ ਨਾਖ਼ੁਸ਼ ਹਨ। ਜੰਮੂ ਦੀ ਪੈਂਥਰਜ਼ ਪਾਰਟੀ ਨੇ ਕਿਹਾ ਕਿ ਇਸ ਦੌਰੇ ਨਾਲ ਕੋਈ ਫ਼ਰਕ ਨਹੀਂ ਪਵੇਗਾ। ਇਹ ਪਬਲਿਸਿਟੀ ਸਟੰਟ ਤੋਂ ਬਿਨਾਂ ਕੁੱਝ ਨਹੀਂ। ਪਾਰਟੀ ਆਗੂ ਹਰਸ਼ਦੇਵ ਸਿੰਘ ਨੇ ਕਿਹਾ ਕਿ ਇਕ ਪਾਸੇ ਜੰਮੂ ਕਸ਼ਮੀਰ ਵਿਚ ਪਾਬੰਦੀਆਂ ਲਾਗੂ ਹਨ, ਦੂਜੇ ਪਾਸੇ ਮੰਤਰੀਆਂ ਦੇ ਦੌਰੇ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਨੌਕਰੀਆਂ ਅਤੇ ਜ਼ਮੀਨਾਂ ਜਾਣ ਦਾ ਕੋਈ ਫ਼ਿਕਰ ਨਹੀਂ।