ਔਰਤ ਦੇ ਫ਼ਰਜੀ ਨਾਂ 'ਤੇ ਕਰਵਾਇਆ ਬੀਮਾ, ਚਾਰ ਸਾਲ ਬਾਅਦ ਮਰੀ ਦੱਸ ਕੇ ਵਸੂਲੇ 25 ਲੱਖ!

ਏਜੰਸੀ

ਖ਼ਬਰਾਂ, ਰਾਸ਼ਟਰੀ

ਡੈਥ ਸਰਟੀਫ਼ਿਕੇਟ ਬਣਾਉਣ ਵਾਲੇ ਡਾਕਟਰ ਨੇ ਰਚੀ ਸੀ ਸਾਜ਼ਿਸ਼

file photo

ਕਾਨਪੁਰ : ਨਕਲੀ ਬੀਮੇ ਦੇ ਨਾਂ 'ਤੇ ਐਲਆਈਸੀ ਬੀਮਾ ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਐਲਆਈਸੀ ਦੀ ਭਾਰਗੋ ਸਟੇਟ ਸਾਖ਼ਾ ਵਿਖੇ ਆਸ਼ਾ ਦੇਵੀ ਨਾਂ ਦੀ ਔਰਤ ਦੇ ਨਾਮ 'ਤੇ 25 ਲੱਖ ਦਾ ਬੀਮਾ ਹੋਇਆ ਸੀ। ਆਸ਼ਾ ਦੇਵੀ ਦਾ ਨੋਮਨੀ ਚਿਰਦੀਪ ਸੇਨ ਗੁਪਤਾ ਨਾਮ ਦਾ ਵਿਅਕਤੀ ਸੀ ਜੋ ਚਾਰ ਸਾਲ ਤਕ ਬੀਮੇ ਦੀਆਂ ਕਿਸ਼ਤਾਂ ਭਰਦਾ ਰਿਹਾ। ਇਸੇ ਦੌਰਾਨ 9 ਮਈ 2017 ਨੂੰ ਉਸ ਨੇ ਆਸ਼ਾ ਦੇਵੀ ਦੀ ਮੌਤ ਦਾ ਹਵਾਲਾ ਦਿੰਦਿਆਂ ਬੀਮੇ ਲਈ ਕਲੇਮ ਕੀਤਾ। ਐਲਆਈਸੀ ਅਧਿਕਾਰੀਆਂ ਨੇ ਸ਼ਰਤਾਂ ਮੁਤਾਬਕ ਚਿਰਦੀਪ ਸੇਨ ਗੁਪਤਾ ਨੇ ਖਾਤੇ ਵਿਚ 25 ਲੱਖ ਰੁਪਏ ਟਰਾਸਫਰ ਕਰ ਦਿਤੇ।

ਬਾਅਦ 'ਚ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਇਕ ਗੁੰਮਨਾਮ ਸ਼ਿਕਾਇਤ ਮਿਲੀ। ਐਲਆਈ ਅਧਿਕਾਰੀਆਂ ਨੇ ਜਦੋਂ ਬੈਂਕ ਅਕਾਊਂਟ ਦੀ ਪੜਤਾਲ ਕੀਤੀ ਜੋ ਫ਼ਰਜੀ ਨਿਕਲਿਆ। ਜਾਚ ਦੌਰਾਨ ਪਤਾ ਲੱਗਾ ਕਿ ਇਹ ਖਾਤਾ ਸਿਰਫ਼ ਬੀਮੇ ਦੀ ਰਕਮ ਹੜੱਪਣ ਖ਼ਾਤਰ ਹੀ ਖੁਲ੍ਹਵਾਇਆ ਗਿਆ ਸੀ। ਜਦੋਂ ਪਾਲਸੀ ਵਿਚ ਦਿਤੇ ਆਸ਼ਾ ਦੇਵੀ ਦੇ ਪਤੇ 'ਤੇ ਜਾ ਕੇ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਥੇ ਤਾਂ ਆਸ਼ਾ ਦੇਵੀ ਨਾਮ ਦੀ ਕੋਈ ਔਰਤ ਰਹਿੰਦੀ ਹੀ ਨਹੀਂ ਸੀ।

ਇਸ ਤੋਂ ਬਾਅਦ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਵਿਚ ਗੀਤਾ ਦੇਵੀ ਨਾਂ ਦੀ ਔਰਤ ਦੇ ਨਾਂ 'ਤੇ ਵੀ 25 ਲੱਖ ਦਾ ਬੀਮਾ ਕੀਤਾ ਗਿਆ ਸੀ। ਇਸ ਵਿਚ ਵੀ ਚਾਰ ਸਾਲ ਬਾਅਦ 25 ਲੱਖ ਦਾ ਕਲੇਮ ਲੈਣ ਲਈ ਅਪਲਾਈ ਕੀਤਾ ਹੋਇਆ ਸੀ।

ਇਸ ਪਾਲਸੀ ਵਿਚ ਨੌਮਿਨੀ ਸੋਰਭ ਗੁਪਤਾ ਨਾਂ ਦਾ ਵਿਅਕਤੀ ਸੀ। ਜਦੋਂ ਅਧਿਕਾਰੀਆਂ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਇੱਥੇ ਵੀ ਸੌਰਭ ਗੁਪਤਾ ਨਾਂ ਦਾ ਵਿਅਕਤੀ ਨਹੀਂ ਸੀ ਰਹਿੰਦਾ। ਇਸ ਤੋਂ ਬਾਅਦ ਪਾਲਸੀ ਦਾ ਭੁਗਤਾਨ ਰੋਕ ਦਿਤਾ ਗਿਆ।

ਜਦੋਂ ਐਲਆਈਸੀ ਅਧਿਕਾਰੀਆਂ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਦੋਵਾਂ ਮਾਮਲਿਆਂ ਵਿਚ ਗਵਾਲਟੋਲੀ ਵਾਸੀ ਡਾਕਟਰ ਐਸਐਸ ਸਿੱਦੀਕੀ ਵਲੋਂ ਡੈੱਥ ਸਰਟੀਫ਼ਿਕੇਟ ਜਾਰੀ ਕਰਨ ਦੀ ਗੱਲ ਸਾਹਮਣੇ ਆਈ। ਜਾਂਚ ਤੋਂ ਬਾਅਦ ਇਸ ਸਾਰੇ ਘੁਟਾਲੇ ਪਿਛੇ ਡਾਕਟਰ ਸਿੱਦੀਕੀ ਦਾ ਹੀ ਹੱਥ ਹੋਣ ਦੇ ਸਬੂਤ ਸਾਹਮਣੇ ਆਏ। ਇਸ ਤੋਂ ਬਾਅਦ ਐਲਆਈਸੀ ਦੇ ਪ੍ਰਬੰਧਕ ਕੈਲਾਸ਼ ਨਾਥ ਨੇ ਡੀਆਈਜੀ ਕੋਲ ਸ਼ਿਕਾਇਤ ਕੀਤੀ। ਡੀਆਈਜੀ ਮੁਤਾਬਕ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।