ਬੀਮੇ ਦੇ ਲਾਲਚ ‘ਚ ਅਪਣੀ ਹੀ ਮੌਤ ਦਾ ਘੜਿਆ ਡਰਾਮਾ ਤੇ ਜਿਉਂਦਾ ਸਾੜਿਆ ਮਜ਼ਦੂਰ, ਕੀਤਾ ਗ੍ਰਿਫ਼ਤਾਰ
ਬੀਮੇ ਦੇ ਲਾਲਚ ਨੇ ਇਕ ਨੌਜਵਾਨ ਨੂੰ ਸ਼ੈਤਾਨ ਬਣਾ ਦਿਤਾ। ਦੋਸ਼ੀ ਨੇ ਮਜ਼ਦੂਰ ਨੂੰ ਜਿਉਂਦਾ ਸਾੜ ਕੇ ਅਪਣੀ ਹੀ ਮੌਤ ਦਾ ਡਰਾਮਾ...
ਚੰਡੀਗੜ੍ਹ (ਸਸਸ) : ਬੀਮੇ ਦੇ ਲਾਲਚ ਨੇ ਇਕ ਨੌਜਵਾਨ ਨੂੰ ਸ਼ੈਤਾਨ ਬਣਾ ਦਿਤਾ। ਦੋਸ਼ੀ ਨੇ ਮਜ਼ਦੂਰ ਨੂੰ ਜਿਉਂਦਾ ਸਾੜ ਕੇ ਅਪਣੀ ਹੀ ਮੌਤ ਦਾ ਡਰਾਮਾ ਘੜਿਆ। ਪਹਿਲਾਂ ਪੁਲਿਸ ਵੀ ਧੋਖਾ ਖਾ ਗਈ ਸੀ। ਬਾਅਦ ਵਿਚ ਇਕ ਸੁਰਾਗ ਨੇ ਪੂਰੇ ਮਾਮਲੇ ਦਾ ਸੱਚ ਸਾਹਮਣੇ ਲਿਆ ਦਿਤਾ। ਪੂਰੀ ਘਟਨਾ ਦੀ ਸਾਜਿਸ਼ ਹੈਰਾਨ ਕਰ ਦੇਣ ਵਾਲੀ ਹੈ। ਹਿਮਾਚਲ ਵਿਚ ਕਾਲਾਅੰਬ-ਪਾਉਂਟਾ ਸਾਹਿਬ ਹਾਈਵੇ ਉਤੇ ਜੁੱਡਾ ਦਾ ਜੋਹੜ ਵਿਚ ਕਾਰ ਵਿਚ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਜਿਉਂਦਾ ਸੜ ਕੇ ਮੌਤ ਦੇ ਮਾਮਲੇ ਵਿਚ ਹੁਣ ਰੌਂਗਟੇ ਖੜੇ ਕਰਨ ਵਾਲਾ ਖ਼ੁਲਾਸਾ ਹੋਇਆ ਹੈ।
ਇਹ ਦੁਰਘਟਨਾ ਨਹੀਂ, ਸਗੋਂ ਕਤਲ ਦਾ ਮਾਮਲਾ ਸੀ। ਬੀਮਾ ਰਾਸ਼ੀ ਲੈਣ ਦੇ ਚੱਕਰ ਵਿਚ ਡੇਰਾਬੱਸੀ ਨਿਵਾਸੀ ਆਕਾਸ਼ ਕੁਮਾਰ ਨੇ ਅਪਣੇ ਭਤੀਜੇ ਦੇ ਨਾਲ ਮਿਲ ਕੇ ਅਪਣੀ ਮੌਤ ਦਾ ਡਰਾਮਾ ਘੜਿਆ। ਦੁਰਘਟਨਾ ਵਿਚ ਮਰਿਆ ਦੱਸੇ ਗਏ ਆਕਾਸ਼ ਕੁਮਾਰ ਨੂੰ ਪੁਲਿਸ ਨੇ ਹਰਿਆਣਾ ਵਿਚ ਟ੍ਰੇਨ ‘ਤੇ ਸਫ਼ਰ ਕਰਦੇ ਕਾਬੂ ਕਰ ਲਿਆ ਜਦੋਂ ਕਿ ਉਸ ਦੇ ਭਤੀਜੇ ਰਵੀ ਨੂੰ ਪੁਲਿਸ ਨੇ ਨਾਹਨ ਵਿਚ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।
ਚਾਚਾ-ਭਤੀਜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਏਐਸਪੀ ਵੀਰੇਂਦਰ ਠਾਕੁਰ ਨੇ ਨਾਹਨ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਮਾਮਲੇ ਦਾ ਖ਼ੁਲਾਸਾ ਕੀਤਾ। ਪੁਲਿਸ ਦੇ ਮੁਤਾਬਕ ਅਕਾਸ਼ (42) ਨੇ ਲੱਖਾਂ ਦੀ ਬੀਮਾ ਰਾਸ਼ੀ ਹੜੱਪ ਕਰਨ ਲਈ ਅਪਣੀ ਹੀ ਮੌਤ ਦਾ ਪੂਰਾ ਡਰਾਮਾ ਕੀਤਾ। ਉਸ ਨੇ ਅਪਣੇ ਕੋਲ ਕੰਮ ਕਰਨ ਵਾਲੇ ਰਾਜਸਥਾਨ ਦੇ ਢੋਲਪੁਰ ਨਿਵਾਸੀ ਰਾਜੂ ਨੂੰ ਪਹਿਲਾਂ ਸ਼ਰਾਬ ਪਿਆਈ ਅਤੇ ਫਿਰ ਗਲਾ ਘੁੱਟ ਕੇ ਅੱਧ-ਮਰਿਆ ਕਰ ਦਿਤਾ। ਉਸ ਤੋਂ ਬਾਅਦ ਕਾਰ ਵਿਚ ਕਾਲਾਅੰਬ-ਪਾਉਂਟਾ ਸੜਕ ਉਤੇ ਜੁੱਡਾ ਦਾ ਜੋਹੜ ਦੇ ਨੇੜੇ ਪਹੁੰਚਾਇਆ।
ਇਥੇ ਤਾਰਪੀਨ ਛਿੜਕ ਕੇ ਕਾਰ ਨੂੰ ਅੱਗ ਲਾ ਦਿਤੀ। ਦੋਸ਼ੀਆਂ ਨੇ ਕਤਲ ਦੀ ਵਾਰਦਾਤ ਨੂੰ ਦੁਰਘਟਨਾ ਦਾ ਰੂਪ ਦੇਣ ਲਈ ਬਕਾਇਦਾ ਅੱਗ ਨਾਲ ਸੜਦੀ ਕਾਰ ਦੀ ਵੀਡੀਓ ਬਣਾ ਕੇ ਅਪਣੇ ਆਪ ਹੀ ਵਾਇਰਲ ਕਰ ਦਿਤੀ। ਅਪਣਾ ਬਰੈਸਲੇਟ ਕੱਢ ਕੇ ਰਾਜੂ ਦੀ ਕਲਾਈ ਵਿਚ ਪਾਇਆ, ਤਾਂਕਿ ਪੁਲਿਸ ਸਮਝੇ ਕਿ ਅਕਾਸ਼ ਦੀ ਹਾਦਸੇ ਵਿਚ ਸੜ ਕੇ ਮੌਤ ਹੋ ਗਈ। ਇਸ ਤੋਂ ਬਾਅਦ ਪਿਛੇ ਆ ਰਹੀ ਭਤੀਜੇ ਦੀ ਗੱਡੀ ਵਿਚ ਸਵਾਰ ਹੋ ਕੇ ਦੋਵੇਂ ਪੰਜਾਬ ਵਾਪਸ ਮੁੜ ਗਏ।
ਦੂਜੇ ਦਿਨ ਪਰਵਾਰ ਦੇ ਲੋਕਾਂ ਨੇ ਮ੍ਰਿਤਕ ਦੀ ਸ਼ਨਾਖਤ ਅਕਾਸ਼ ਦੇ ਰੂਪ ਵਿਚ ਵੀ ਕਰ ਦਿਤੀ। ਪਰਵਾਰ ਮੈਂਬਰ ਪੁਲਿਸ ਤੋਂ ਡੈੱਥ ਸਰਟੀਫਿਕੇਟ ਮੰਗਣ ਲੱਗੇ। ਏਐਸਪੀ ਵੀਰੇਂਦਰ ਠਾਕੁਰ ਨੇ ਦੱਸਿਆ ਕਿ ਤਿੰਨ ਦਸੰਬਰ ਨੂੰ ਅਕਾਸ਼ ਦੇ ਭਤੀਜੇ ਰਵੀ ਕੁਮਾਰ ਨਿਵਾਸੀ ਬਲਟਾਨਾ (ਜੀਰਕਪੁਰ) ਦੀ ਗ੍ਰਿਫ਼ਤਾਰੀ ਤੋਂ ਬਾਅਦ ਦੁਰਘਟਨਾ ਵਿਚ ਦਰਜ ਮਾਮਲੇ ਨੂੰ ਰੱਦ ਕਰ ਕੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਬੁੱਧਵਾਰ ਸਵੇਰੇ ਅਕਾਸ਼ ਨੂੰ ਪਲਵਲ (ਹਰਿਆਣਾ) ਤੋਂ ਟ੍ਰੇਨ ਵਿਚ ਸਫ਼ਰ ਕਰਦੇ ਫੜ ਲਿਆ ਗਿਆ।
ਇਸ ਤੋਂ ਪਹਿਲਾਂ ਉਹ ਬਿਹਾਰ ਭੱਜਣ ਵਿਚ ਸਫ਼ਲ ਹੋ ਗਿਆ ਸੀ। ਏਐਸਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਲਗਭੱਗ 50 ਲੱਖ ਰੁਪਏ ਦਾ ਬੀਮਾ ਅਕਾਸ਼ ਦੇ ਨਾਮ ਹੋਣ ਦਾ ਪਤਾ ਲੱਗਿਆ ਹੈ। ਬੀਮਾ ਰਾਸ਼ੀ ਕਰੋੜਾਂ ਵਿਚ ਵੀ ਹੋ ਸਕਦੀ ਹੈ।