ਰਾਸ਼ਟਰਵਾਦ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਦੀ ਹੋ ਰਹੀ ਹੈ ਦੁਰਵਰਤੋਂ- ਮਨਮੋਹਨ ਸਿੰਘ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਭਾਜਪਾ ‘ਤੇ ਅਸਿੱਧਾ ਹਮਲਾ
ਨਵੀਂ ਦਿੱਲੀ: ਭਾਜਪਾ ‘ਤੇ ਅਸਿੱਧੇ ਤੌਰ ‘ਤੇ ਹਮਲਾ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦੇ ‘ਕੱਟੜਪੰਥੀ ਅਤੇ ਸ਼ੁੱਧ ਭਾਵਨਾਤਮਕ’ ਵਿਚਾਰ ਦੇ ਨਿਰਮਾਣ ਲਈ ਰਾਸ਼ਟਰਵਾਦ ਅਤੇ ‘ਭਾਰਤ ਮਾਤਾ ਦੀ ਜੈ’ ਨਾਅਰੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਮਨਮੋਹਨ ਸਿੰਘ ਨੇ ਜਵਾਹਰ ਲਾਲ ਨਹਿਰੂ ਦੇ ਇਕ ਭਾਸ਼ਣ ‘ਤੇ ਅਧਾਰਤ ਇਕ ਪੁਸਤਕ ਦੀ ਲਾਂਚਿੰਗ ਮੌਕੇ ਅਪਣੇ ਸੰਬੋਧਨ ਵਿਚ ਕਿਹਾ ਕਿ ਜੇਕਰ ਭਾਰਤ ਦੀ ਰਾਸ਼ਟਰਾਂ ਦੇ ਸਮੂਹ ਵਿਚ ਇਕ ਉਜਵਲ ਲੋਕਤੰਤਰ ਵਜੋਂ ਪਛਾਣ ਹੈ, ਜੇਕਰ ਉਸ ਨੂੰ ਇਕ ਮਹੱਤਵਪੂਰਨ ਆਲਮੀ ਸ਼ਕਤੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ ਤਾਂ ਇਹ ਤਾਂ ਪਹਿਲੇ ਪ੍ਰਧਾਨ ਮੰਤਰੀ ਹੀ ਸੀ, ਜਿਨ੍ਹਾਂ ਨੂੰ ਇਸ ਦੇ ਮੁੱਖ ਕਾਰੀਗਰ ਹੋਣ ਦਾ ਸਿਹਰਾ ਦੇਣਾ ਚਾਹੀਦਾ ਹੈ।
ਮਨਮੋਹਨ ਸਿੰਘ ਨੇ ਕਿਹਾ ਕਿ ਨਹਿਰੂ ਨੇ ਅਸ਼ਾਂਤ ਅਤੇ ਅਸਮਾਨ ਸਥਿਤੀਆਂ ਵਿਚ ਭਾਰਤ ਦੀ ਅਗਵਾਈ ਕੀਤੀ ਜਦੋਂ ਦੇਸ਼ ਨੇ ਲੋਕਤੰਤਰਿਕ ਜੀਵਨ ਨੂੰ ਅਪਣਾਇਆ ਸੀ। ਜਿਸ ਵਿਚ ਵੱਖ ਵੱਖ ਸਮਾਜਿਕ ਅਤੇ ਰਾਜਨੀਤਿਕ ਵਿਚਾਰ ਵਿਵਸਥਾ ਕੀਤੀ ਗਈ ਸੀ।
ਉਹਨਾਂ ਨੇ ਕਿਹਾ, ‘ਬਦਕਿਸਮਤੀ ਨਾਲ, ਇਕ ਅਜਿਹਾ ਵਰਗ ਹੈ ਜਿਸ ਵਿਚ ਇਤਿਹਾਸ ਨੂੰ ਪੜ੍ਹਨ ਦਾ ਸਬਰ ਨਹੀਂ ਹੈ ਜਾਂ ਜੋ ਆਪਣੇ ਪੱਖਪਾਤ ਤੋਂ ਜਾਣ ਬੁੱਝ ਕੇ ਅਗਵਾਈ ਅਤੇ ਮਾਰਗ ਦਰਸ਼ਨ ਕਰਨਾ ਚਾਹੁੰਦਾ ਹੈ, ਉਹ ਜਿੰਨਾ ਸੰਭਵ ਹੋ ਸਕੇ ਨਹਿਰੂ ਦੇ ਗਲਤ ਅਕਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਮੈਨੂੰ ਯਕੀਨ ਹੈ ਕਿ ਇਤਿਹਾਸ ਫਰਜ਼ੀ ਅਤੇ ਝੂਠੇ ਇਲਜ਼ਾਮਾਂ ਨੂੰ ਖਾਰਜ ਕਰਨ ਅਤੇ ਸਾਰੀਆਂ ਚੀਜ਼ਾਂ ਨੂੰ ਉਚਿਤ ਦ੍ਰਿਸ਼ਟੀਕੋਣ ਵਿਚ ਪਾਉਣ ਦੀ ਸਮਰੱਥਾ ਰੱਖਦਾ ਹੈ’।
ਪੁਰਸ਼ੋਤਮ ਅਗ੍ਰਵਾਲ ਅਤੇ ਰਾਧਾ ਕ੍ਰਿਸ਼ਨ ਵੱਲੋਂ ਲਿਖਤ ‘ਹੂ ਇਜ਼ ਭਾਰਤ ਮਾਤਾ’ ਨਾਮਕ ਇਸ ਪੁਸਤਕ ਵਿਚ ਨਹਿਰੂ ਦੀ ਕਲਾਸਿਕ ਪੁਸਕਤਾਂ- ਆਤਮਕਥਾ, ਗਲਿਪਸਿਜ਼ ਆਫ ਵਰਲਡ ਹਿਸਟਰੀ ਝਲਕ ਅਤੇ ਡਿਸਕਵਰੀ ਆਫ ਇੰਡੀਆ, ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਉਹਨਾਂ ਦੇ ਭਾਸ਼ਣ, ਲੇਖ, ਪੱਤਰ ਅਤੇ ਕੁਝ ਸਨਸਨੀਖੇਜ਼ ਇੰਟਰਵਿਊ ਹਨ।
ਮਨਮੋਹਨ ਸਿੰਘ ਨੇ ਕਿਹਾ, ‘ਅਜਿਹੇ ਸਮੇਂ ਵਿਚ ਇਸ ਪੁਸਤਕ ਦੀ ਖ਼ਾਸ ਸਾਰਥਕਤਾ ਹੈ ਜਦੋਂ ਰਾਸ਼ਟਰਵਾਦ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਦੀ ਦੁਰਵਰਤੋਂ ਹੋ ਰਹੀ ਹੈ ਤਾਂ ਜੋ ਭਾਰਤ ਦੇ ਕੱਟੜਪੰਥੀ ਅਤੇ ਨਿਰੋਲ ਭਾਵਨਾਤਮਕ ਵਿਚਾਰ ਪੈਦਾ ਕੀਤੇ ਜਾ ਸਕਣ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।