ਕੋਰੋਨਾ ਦਾ ਕਹਿਰ: ਵਧਦੇ ਮਾਮਲਿਆਂ ਨੇ ਵਧਾਈ ਸਰਕਾਰ ਦੀ ਚਿੰਤਾ, ਮੁੰਬਈ ’ਚ ਕਈ ਥਾਈਂ ਲੌਕਡਾਊਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਹਤ ਮਾਹਰਾਂ ਤੇ ਸੀਨੀਅਰ ਅਧਿਕਾਰੀਆਂ ਨਾਲ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰਨਗੇ ਕੈਪਟਨ ਅਮਰਿੰਦਰ ਸਿੰਘ

Corona virus

ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ਵਿਚ ਫਿਰ ਤੋਂ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦੇ ਚਲਦਿਆਂ ਸਰਕਾਰ ਸਖ਼ਤ ਹੋ ਗਈ ਹੈ।  ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ ਕੋਰੋਨਾ ਵਾਇਰਸ ਦੇ 10,584 ਨਵੇਂ ਮਾਮਲੇ ਦਰਜ ਕੀਤੇ ਗਏ।

ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1,10,16,434 ਹੋ ਗਈ ਹੈ। ਇਸ ਤੋਂ ਇਲਾਵਾ ਦੇਸ਼ ਵਿਚ ਬੀਤੇ ਦਿਨ 78 ਲੋਕਾਂ ਦੀ ਮੌਤ ਹੋਈ। ਇਸ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 1,56,463 ਹੋ ਗਈ ਹੈ।  ਦੇਸ਼ ਵਿਚ ਹੁਣ ਕੁੱਲ 1,47,306 ਐਕਟਿਵ ਮਾਮਲੇ ਹਨ। ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਲੋਕਾਂ ਦੀ ਗਿਣਤੀ 1,07,12,665 ਹੋ ਗਈ ਹੈ। 

6 ਸੂਬਿਆਂ ਤੋਂ ਸਾਹਮਣੇ ਆਏ ਕਰੀਬ 90 ਫੀਸਦੀ ਮਾਮਲੇ

ਕੇਂਦਰੀ ਸਿਹਤ ਮੰਤਰਾਲੇ ਵੱਲ਼ੋਂ ਜਾਰੀ ਅੰਕੜਿਆਂ ਮੁਤਾਬਕ ਮਹਾਰਾਸ਼ਟਰ, ਕੇਰਲ, ਪੰਜਾਬ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਸਮੇਤ 6 ਸੂਬਿਆਂ ਤੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਕੁੱਲ ਮਾਮਲਿਆਂ ਵਿਚੋਂ 90 ਫੀਸਦੀ ਮਾਮਲੇ ਇਹਨਾਂ ਸੂਬਿਆਂ ਵਿਚੋਂ ਹਨ।

ਮਹਾਰਾਸ਼ਟਰ ਵਿਚ ਕਈ ਥਾਈਂ ਲੌਕਡਾਊਨ

ਮਹਾਰਾਸ਼ਟਰ ਦੇ ਮੁੰਬਈ, ਪੁਣੇ, ਅਮਰਾਵਤੀ ਅਤੇ ਅਚਲਪੁਰ ਆਦਿ ਜ਼ਿਲ੍ਹਿਆਂ ਵਿਚ ਕੋਰੋਨਾ ਦਾ ਅੰਕੜਾ ਵਧਦਾ ਜਾ ਰਿਹਾ ਹੈ।  ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਮਰਾਵਤੀ ਵਿਚ 22 ਫਰਵਰੀ ਤੋਂ ਇਕ ਹਫ਼ਤੇ ਦਾ ਲੌਕਡਾਊਨ ਲਗਾਇਆ ਗਿਆ ਹੈ।  ਦੱਸਿਆ ਜਾ ਰਿਹਾ ਹੈ ਕਿ ਅਮਰਾਵਤੀ ਵਿਚ ਬੀਤੇ ਦਿਨ 677 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਬੰਗਲੁਰੂ ਵਿਚ ਸੀਲ ਕੀਤੇ ਗਏ ਅਪਾਰਟਮੈਂਟ

ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਇਕ ਅਪਾਰਟਮੈਂਟ ਕੰਪਲੈਕਸ ਵਿਚ 10 ਨਵੇਂ ਮਰੀਜ਼ਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਕੈਂਪਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬੰਗਲੁਰੂ ਵਿਚ ਇਕ ਹੋਰ ਅਪਾਰਟਮੈਂਟ ਵਿਚ 113 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।

ਪੰਜਾਬ 'ਚ ਕੋਰੋਨਾ ਦੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਲੈਣਗੇ ਜਾਇਜ਼ਾ

ਪੰਜਾਬ ਵਿਚ ਵੀ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਸੂਬਾ ਸਰਕਾਰ ਚੌਕਸ ਹੋ ਗਈ ਹੈ। ਪੰਜਾਬ ਵਿਚ ਬੀਤੇ ਦਿਨ 389 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਚਲਦੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਹਤ ਮਾਹਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਪੰਜਾਬ 'ਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਕਰਨਗੇ। 

ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਵੀ ਸੱਦੀ ਮੀਟਿੰਗ

ਮਹਾਰਾਸ਼ਟਰ ਵਿਚ ਕੋਰੋਨਾ ਦੀ ਸਥਿਤੀ ’ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਉਧਵ ਠਾਕਰੇ ਨੇ ਮੀਟਿੰਗ ਸੱਦੀ ਹੈ।  ਮੁੱਖ ਮੰਤਰੀ ਨੇ ਬੀਐਮਸੀ ਕਮਿਸ਼ਨਰ ਅਤੇ ਅਧਿਕਾਰੀਆਂ ਨਾਲ ਇਕ ਰਿਵਿਊ ਮੀਟਿੰਗ ਸੱਦੀ ਹੈ।