ਸੰਯੁਕਤ ਕਿਸਾਨ ਮੋਰਚਾ ਅੱਜ ਮਨਾਏਗਾ ਪਗੜੀ ਸੰਭਾਲ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਗੜੀ ਸੰਭਾਲ਼ ਜੱਟਾ ਲਹਿਰ ਦੇ ਆਗੂ ਅਜੀਤ ਸਿੰਘ ਦਾ ਜਨਮ ਦਿਨ ਅੱਜ

Pagdi Sambhal Diwas will be celebrated today

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ ਦੇਸ਼ ਦੇ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ 'ਤੇ ਡਟੇ ਹੋਏ ਹਨ। ਇਸ ਦੇ ਚਲਦਿਆਂ ਅੱਜ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ‘‘ ਪਗੜੀ ਸੰਭਾਲ਼ ਦਿਵਸ” ਮਨਾਇਆ ਜਾਵੇਗਾ। ਇਸ ਮੌਕੇ ਕਿਰਤੀ ਕਿਸਾਨਾਂ ਵੱਲੋਂ ਚੱਲ ਰਹੇ ਮੋਰਚਿਆਂ ਵਿਚ ਪ੍ਰੋਗਰਾਮ ਕੀਤੇ ਜਾਣਗੇ। 

ਬੀਤੇ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਸਾਨ ਆਗੂ  ਡਾ. ਦਰਸ਼ਨਪਾਲ ਨੇ ਦੱਸਿਆ ਕਿ  'ਪੱਗੜੀ ਸੰਭਾਲ ਦਿਵਸ' 23 ਫਰਵਰੀ ਨੂੰ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਦਿਹਾੜਾ 'ਚਾਚਾ' ਅਜੀਤ ਸਿੰਘ ਅਤੇ ਸਵਾਮੀ ਸਹਜਾਨੰਦ ਦੀ ਯਾਦ ਵਿਚ ਮਨਾਇਆ ਜਾਵੇਗਾ। ਇਸ ਦਿਨ ਕਿਸਾਨ ਅਪਣਾ ਸਵੈ-ਮਾਣ ਜ਼ਾਹਰ ਕਰਦੇ ਹੋਏ ਅਪਣੀ ਖੇਤਰੀ ਦਸਤਾਰ ਬੰਨ੍ਹਣਗੇ।

ਦੱਸ ਦਈਏ ਕਿ ਬੀਤੇ ਦਿਨੀਂ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ ਅਗਲੇ ਪ੍ਰੋਗਰਾਮ ਤਹਿਤ 23 ਫ਼ਰਵਰੀ ਨੂੰ ਕਿਸਾਨਾਂ ਦੇ ਆਤਮ ਸਨਮਾਨ ਲਈ ਪਗੜੀ ਸੰਭਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਮੋਰਚੇ ਵਿਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦਸਿਆ ਸੀ ਕਿ ਇਸ ਦਿਨ ਕਿਸਾਨ ਟਰੈਕਟਰਾਂ ਤੇ ਹੋਰ ਵਾਹਨਾਂ ਉਪਰ ਚਾਚਾ ਅਜੀਤ ਸਿੰਘ ਦੀ ਫ਼ੋਟੋ ਵਾਲੇ ਪੋਸਟਰ ਅਤੇ ਬੈਨਰ ਲਾ ਕੇ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ।

ਪਗੜੀ ਸੰਭਾਲ਼ ਜੱਟਾ ਲਹਿਰ ਦੇ ਆਗੂ ਅਜੀਤ ਸਿੰਘ ਦਾ ਜਨਮ ਦਿਨ ਅੱਜ

ਸਰਦਾਰ ਅਜੀਤ ਸਿੰਘ ਦਾ ਜਨਮ 23 ਫਰਵਰੀ, 1881 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਖਟਕੜ ਕਲਾਂ ਵਿਚ ਹੋਇਆ ਸੀ। ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਅਗਵਾਈ ਵਿਚ 1906 ਵਿਚ ਬ੍ਰਿਟਿਸ਼ ਹਕੂਮਤ ਸਮੇਂ ਲੜੇ ਗਏ ਕਿਸਾਨੀ ਅੰਦੋਲਨ ਵਿਚ ਪੱਗੜੀ ਸੰਭਾਲ ਜੱਟਾ ਗੀਤ ਮਸ਼ਹੂਰ ਹੋਇਆ ਸੀ, ਜੋ ਝੰਗ ਸਿਆਲ ਸਪਤਾਹਿਕ ਦੇ ਸੰਪਾਦਕ ਬਾਂਕੇ ਦਿਆਲ ਨੇ ਉਸ ਸਮੇਂ ਲਿਖਿਆ ਸੀ।