ਕੇਂਦਰ ’ਤੇ ਬਰਸੇ ਰਾਹੁਲ ਗਾਂਧੀ, ਕਿਹਾ ਨਿਆਂਪਾਲਕਾ ’ਤੇ ਅਪਣੀ ਇੱਛਾ ਅਤੇ ਤਾਕਤ ਥੋਪ ਰਹੀ ਹੈ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਤੋਂ ਬਾਅਦ ਇਕ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਦੀ ਹੈ ਮੋਦੀ ਸਰਕਾਰ- ਰਾਹੁਲ ਗਾਂਧੀ

Rahul Gandhi

ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਕੇਰਲ ਦੇ ਦੋ ਦਿਨ ਦੇ ਦੌਰੇ ‘ਤੇ ਹਨ। ਇਸ ਦੇ ਚਲਦਿਆਂ ਰਾਹੁਲ ਗਾਂਧੀ ਨੇ ਬੀਤੇ ਦਿਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਪ੍ਰਤੀ ਇਕਜੁਟਤਾ ਜ਼ਾਹਰ ਕਰਨ ਲਈ ਅਪਣੇ ਚੋਣ ਖੇਤਰ ਵਿਚ ਇਕ ਟਰੈਕਟਰ ਰੈਲੀ ਵਿਚ ਹਿੱਸਾ ਲਿਆ।

ਕੇਰਲ ਦੌਰੇ ਦੇ ਦੂਜੇ ਦਿਨ ਰਾਹੁਲ ਗਾਂਧੀ ਨੇ ਮਲਾਪਪੁਰਮ ਵਿਖੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ‘ਤੇ ਦੋਸ਼ ਲਗਾਏ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਵਿਚ ਪਹਿਲੀ ਵਾਰ ਇਕ ਅਜਿਹੀ ਸਰਕਾਰ ਹੈ ਜੋ ਅਪਣੀ ਇੱਛਾ ਅਤੇ ਤਾਕਤ ਨਿਆਂਪਾਲਕਾ ‘ਤੇ ਥੋਪ ਰਹੀ ਹੈ। ਉਹਨਾਂ ਕਿਹਾ ਸਰਕਾਰ ਨਿਆਂਪਾਲਕਾ ਨੂੰ ਉਹ ਨਹੀਂ ਕਰਨ ਦੇ ਰਹੀ ਜੋ ਉਸ ਨੂੰ ਕਰਨਾ ਚਾਹੀਦਾ ਹੈ।

ਰਾਹੁਲ ਗਾਂਧੀ ਨੇ ਕਿਹਾ ਅਜਿਹਾ ਸਿਰਫ ਨਿਆਂਪਾਲਕਾ ਨਾਲ ਹੀ ਨਹੀਂ ਹੋ ਰਿਹਾ ਬਲਕਿ ਸਰਕਾਰ ਸਾਨੂੰ ਲੋਕ ਸਭਾ ਅਤੇ ਰਾਜ ਸਭਾ ਵਿਚ ਵੀ ਚਰਚਾ ਨਹੀਂ ਕਰਨ ਦਿੰਦੀ। ਇਸ ਮੌਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਦਾ ਦੋਸ਼ ਲਗਾਇਆ।

ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਇਕ ਤੋਂ ਬਾਅਦ ਇਕ ਚੁਣੀਆਂ ਹੋਈਆਂ ਸਰਕਾਰਾਂ ਨੂੰ ਗਿਰਾ ਰਹੀ ਹੈ। ਆਜ਼ਾਦ ਭਾਰਤ ਵਿਚ ਪਹਿਲੀ ਵਾਰ ਚੋਣ ਜਿੱਤਣ ਦਾ ਮਤਲਬ ਚੋਣ ਹਾਰਨਾ ਹੈ ਅਤੇ ਚੋਣ ਹਾਰਨ ਦਾ ਮਤਲਬ ਚੋਣ ਜਿੱਤਣਾ। ਉਹਨਾਂ ਕਿਹਾ ਸਰਕਾਰ ਸੱਚ ਦਾ ਸਾਹਮਣਾ ਕਰਨ ਤੋਂ ਨਹੀਂ ਬਚ ਸਕਦੀ।