ਗੁਰਲਾਲ ਭਲਵਾਨ ਦੇ ਕਤਲ ਮਾਮਲੇ 'ਚ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਨੌਜਵਾਨ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਸ ਦੇ ਮੁੱਖ ਸਾਜਿਸ਼ਕਰਤਾ ਗੋਲਡੀ ਬਰਾੜ  ਕਨੇਡਾ ਦਾ ਹੈ ਨਜਦੀਕੀ ਰਿਸ਼ਤੇਦਾਰ...

Gurugram Police

ਚੰਡੀਗੜ੍ਹ: ਚਾਰ ਦਿਨ ਪਹਿਲਾਂ ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦੇ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੋਮਵਾਰ ਨੂੰ ਫਰੀਦਕੋਟ ਪੁਲਿਸ ਨੇ ਕਤਲ ਲਈ ਸੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਪਿੰਡ ਘਣੀਏਵਾਲਾ ਦੇ ਗੁਰਪਿੰਦਰ ਸਿੰਘ  ਨਾਮਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਉੱਤੇ ਲਿਆ ਜਾਵੇਗਾ।

ਕਥਿਤ ਦੋਸ਼ੀ ਗੁਰਪਿੰਦਰ ਸਿੰਘ, ਕਨੇਡਾ ਵਿੱਚ ਬੈਠੇ ਗੋਲਡੀ ਬਰਾੜ ਦਾ ਕਰੀਬੀ ਰਿਸ਼ਤੇਦਾਰ ਹੈ ਜੋਕਿ ਭਲਵਾਨ ਦੇ ਕਤਲ ਮਾਮਲੇ ਦਾ ਮੁੱਖ ਸਾਜਿਸ਼ਕਰਤਾ ਹੈ। ਜਾਣਕਾਰੀ  ਅਨੁਸਾਰ ਗੁਰਲਾਲ ਸਿੰਘ ਭਲਵਾਨ ਦੇ ਕਤਲ ਤੋਂ ਬਾਅਦ ਜਿਲਾ ਪੁਲਿਸ ਨੇ ਵੀ ਕਈ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ ਸੀ ਅਤੇ ਪੜਤਾਲ ਵਿੱਚ ਸਾਹਮਣੇ ਆਏ ਤੱਥਾਂ ਤੋਂ ਬਾਅਦ ਪੁਲਿਸ ਨੇ ਗੁਰਪਿੰਦਰ ਸਿੰਘ  ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਦੇ ਅਨੁਸਾਰ ਗੋਲਡੀ ਬਰਾੜ ਨੇ ਆਪਣੇ ਕਿਸੇ ਗੁਰਗੇ ਤੋਂ ਗੁਰਪਿੰਦਰ ਸਿੰਘ ਤੱਕ ਹਥਿਆਰ ਪਹੁੰਚਾਏ ਸਨ ਜੋਕਿ ਕਤਲ ਨੂੰ ਅੰਜਾਮ ਦੇਣ ਲਈ ਗੁਰਿੰਦਰ ਪਾਲ ਉਰਫ ਗੋਰਾ ਭਾਊ ਦੇ ਨਾਲ ਆਏ ਹਰਿਆਣੇ ਦੇ ਗੈਂਗਸਟਰ ਕਾਲ਼ਾ ਜਠੇੜੀ ਵੱਲੋਂ ਭੇਜੇ ਦੋਨਾਂ ਸ਼ੂਟਰਾਂ ਰਾਜਨ ਅਤੇ ਛੋਟੂ ਨੂੰ ਮੁਹੱਈਆ ਕਰਵਾਏ ਗਏ। ਉੱਧਰ ਦਿੱਲੀ ਪੁਲਿਸ ਵੱਲੋਂ ਤਿੰਨ ਕਥਿਤ ਦੋਸੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਫਰੀਦਕੋਟ ਪੁਲਿਸ ਦੀ ਇੱਕ ਟੀਮ ਨੇ ਵੀ ਦਿੱਲੀ ਵਿੱਚ ਡੇਰਾ ਲਗਾ ਲਿਆ ਹੈ ਅਤੇ ਉਹ ਦਿੱਲੀ ਪੁਲਿਸ  ਦੇ ਨਾਲ ਮਿਲਕੇ ਦੋਸੀਆਂ ਤੋਂ ਪੁੱਛਗਿਛ ਕਰਨ ਵਿੱਚ ਲੱਗੀ ਹੋਈ ਹੈ।

 ਦਿੱਲੀ ਪੁਲਿਸ ਦੇ ਰਿਮਾਂਡ ਦੀ ਮਿਆਦ ਖਤਮ ਹੁੰਦੇ ਹੀ ਇਹਨਾਂ ਤਿੰਨਾਂ ਕਥਿਤ ਦੋਸੀਆਂ ਨੂੰ ਪ੍ਰੋਟਕਸ਼ਨ  ਵਾਰੰਟ ਤੇ ਫਰੀਦਕੋਟ ਲਿਆਂਦਾ ਜਾਵੇਗਾ। ਉਧਰ ਦੂਜੇ ਪਾਸੇ ਗੋਲਡੀ ਬਰਾੜ ਦੇ ਇੱਕ ਸਾਥੀ ਨੂੰ ਸਾਢੇ ਤਿੰਨ ਮਹੀਨੇ ਪੁਰਾਣੇ ਇਕ ਫਾਇਰਿੰਗ ਕੇਸ ਵਿੱਚ ਰਿਮਾਂਡ ਉੱਤੇ ਲਿਆ ਗਿਆ ਹੈ ਜਿਲਾ ਪੁਲਿਸ ਨੇ ਗੁਰਲਾਲ ਸਿੰਘ ਭਲਵਾਨ ਦੇ ਕਤਲ ਦੇ ਮੁੱਖ ਸਾਜਿਸ਼ਕਰਤਾ ਗੋਲਡੀ ਬਰਾੜ ਦੇ ਇੱਕ ਕਰੀਬੀ ਗੈਂਗਸਟਰ ਸਾਵਨ ਕੁਮਾਰ  ਉਰਫ ਅਸ਼ੀਸ਼ ਉਰਫ ਜੇਡੀ ਨੂੰ ਸਾਢੇ ਤਿੰਨ ਮਹੀਨੇ ਪੁਰਾਣੇ ਫਾਇਰਿੰਗ ਮਾਮਲੇ ਵਿੱਚ ਪ੍ਰੋਟਕਸ਼ਨ ਵਾਰੰਟ ਤੇ ਲਿਆ ਕੇ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਹੈ।

ਉਸਨੂੰ ਗੁਰੂਗਰਾਮ ਜੇਲ੍ਹ ਤੋਂ ਲਿਆਕੇ ਸੋਮਵਾਰ ਨੂੰ ਫਰੀਦਕੋਟ ਦੇ ਸੀਜੇਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਘਟਨਾ ਬੀਤੇ ਸਾਲ 11 ਨਵੰਬਰ ਨੂੰ ਸਾਹਮਣੇ ਆਈ ਸੀ। ਉਸ ਦਿਨ ਰਾਤ 10 ਵਜੇ ਫਰੀਦਕੋਟ ਦੇ ਰਜਤ ਕੁਮਾਰ ਸ਼ੈਫੀ ਨਾਮਕ ਨੌਜਵਾਨ ਤੇ ਜਾਨ ਲੈਣ ਦੀ ਨੀਯਤ ਨਾਲ ਫਾਇਰ ਕੀਤੇ ਗਏ ਸਨ। ਉਸ ਸਮੇਂ ਸ਼ੈਫੀ ਆਪਣੇ ਇੱਕ ਦੋਸਤ ਦੇ ਘਰ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਆਪਣੇ ਇੱਕ ਦੋਸਤ ਅਮਿਤ ਕੁਮਾਰ ਦੇ ਨਾਲ ਕਾਰ ਵਿੱਚ ਸਵਾਰ ਹੋਕੇ ਘਰ ਵਾਪਸ ਆ ਰਿਹਾ ਸੀ।

ਇਸ ਘਟਨਾ ਦੀ ਸਾਜਿਸ਼ ਵੀ ਕਨੇਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਹੀ ਰਚੀ ਸੀ। ਭਲੇ ਹੀ ਪੁਲਿਸ ਨੇ ਸਾਵਣ ਨੂੰ ਪੁਰਾਣੇ ਕੇਸ ਵਿੱਚ ਰਿਮਾਂਡ ਤੇ ਲਿਆ ਹੈ ਲੇਕਿਨ ਮੰਨਿਆ ਜਾ ਰਿਹਾ ਹੈ ਕਿ ਉਸਤੋਂ ਪੁਲਿਸ ਭਲਵਾਨ ਦੀ ਹੱਤਿਆ ਮਾਮਲੇ ਵਿੱਚ ਵੀ ਸੁਰਾਗ ਉਗਲਵਾਉਣਾ ਚਾਹੁੰਦੀ ਹੈ।