ਦਾਜ ਦੀ ਮੰਗ ਕਰਨ 'ਤੇ ਲਾੜੀ ਨੇ ਵਾਪਸ ਭੇਜੀ ਬਰਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਦੌਰਾਨ ਹੀ ਵਿਗੜ ਗਿਆ ਮਾਹੌਲ

Representative Image

ਊਨਾ - ਵਿਆਹ ਤੋਂ ਕੁਝ ਹੀ ਪਲ ਪਹਿਲਾਂ, ਊਨਾ ਜ਼ਿਲ੍ਹੇ ਦੇ ਬੰਗਾਨਾ ਕਸਬੇ ਦੀ ਇੱਕ ਔਰਤ ਨੇ ਉਸ ਦੇ ਮਾਪਿਆਂ ਤੋਂ ਦਾਜ ਦੀ ਮੰਗ ਕਰਨ ਤੋਂ ਬਾਅਦ ਬਰਾਤ ਨੂੰ ਵਾਪਸ ਭੇਜ ਦਿੱਤਾ ਅਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਔਰਤ ਦੇ ਇੱਕ ਪਰਿਵਾਰਕ ਮੈਂਬਰ ਅਨੁਸਾਰ ਉਸ ਦਾ ਵਿਆਹ ਹਮੀਰਪੁਰ ਦੇ ਗਲੋਰ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਹੋਣਾ ਸੀ, ਜਿਸ ਨੇ ਬਰਾਤ ਲਿਆ ਕੇ ਵਿਆਹ ਤੋਂ ਠੀਕ ਪਹਿਲਾਂ ਲੜਕੀ ਦੇ ਪਰਿਵਾਰ ਤੋਂ ਕਾਰ, ਇੱਕ ਮੋਟੀ ਰਕਮ ਨਕਦ ਅਤੇ ਸੋਨੇ ਦੇ ਗਹਿਣਿਆਂ ਦੀ ਮੰਗ ਕੀਤੀ।

ਜਦੋਂ ਲਾੜੀ ਨੂੰ ਦਾਜ ਦੀ ਮੰਗ ਬਾਰੇ ਪਤਾ ਲੱਗਿਆ, ਤਾਂ ਉਸ ਨੇ ਤੁਰੰਤ ਵਿਆਹ ਤੋੜ ਦਿੱਤਾ ਅਤੇ ਬਰਾਤ ਵਾਪਸ ਭੇਜ ਦਿੱਤੀ।

ਥਾਣਾ ਇੰਚਾਰਜ ਬਾਬੂਰਾਮ ਨੇ ਪੁਸ਼ਟੀ ਕੀਤੀ ਕਿ ਔਰਤ ਦੇ ਭਰਾ ਨੇ ਲਾੜੇ ਦੇ ਪਰਿਵਾਰ ਖ਼ਿਲਾਫ਼ ਬੰਗਾਨਾ ਪੁਲਿਸ ਸਟੇਸ਼ਨ 'ਚ ਦਾਜ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰਕ ਮੈਂਬਰ ਨੇ ਦੱਸਿਆ ਕਿ ਔਰਤ ਨੇ ਉਸ ਸਮੇਂ ਵਿਆਹ ਤੋੜਿਆ ਜਦੋਂ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ, ਅਤੇ ਸਾਰੇ ਮਹਿਮਾਨ ਦਾਅਵਤ ਵਿੱਚ ਸ਼ਾਮਲ ਹੋਣ ਲਈ ਮੌਜੂਦ ਸਨ।

ਦਰਅਸਲ ਹੋਇਆ ਇਹ ਕਿ ਵਿਦੇਸ਼ 'ਚ ਰਹਿਣ ਵਾਲਾ ਲਾੜਾ 19 ਫਰਵਰੀ ਨੂੰ ਔਰਤ ਨੂੰ ਚੁੰਨੀ ਚੜ੍ਹਾਉਣ ਦੀ ਰਸਮ ਪੂਰੀ ਕਰਨ ਲਈ ਔਰਤ ਦੇ ਘਰ ਆਇਆ ਸੀ, ਪਰ ਉਸ ਵੇਲੇ ਉਨ੍ਹਾਂ ਨੇ ਆਪਣੀ ਕੋਈ ਮੰਗ ਲੜਕੀ ਦੇ ਪਰਿਵਾਰ ਅੱਗੇ ਨਹੀਂ ਰੱਖੀ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਦੋਂ ਮੰਗਲਵਾਰ ਨੂੰ ਔਰਤ ਦਾ ਪਰਿਵਾਰ ਇੱਕ ਹੋਰ ਰਸਮ ਲਈ ਲਾੜੇ ਦੇ ਘਰ ਗਿਆ, ਤਾਂ ਉਸ ਵੇਲੇ ਵੀ ਕਿਸੇ ਮੰਗ ਦਾ ਜ਼ਿਕਰ ਨਹੀਂ ਕੀਤਾ ਗਿਆ।