ਅੱਗ ਲੱਗਣ ਕਾਰਨ 25 ਏਕੜ ਕਮਾਦ ਸੁਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਨੇ ਦੱਸਿਆ ਕਿ ਇਸ ਖੇਤਰ ਵਿਚ ਕਰੀਬ 100 ਏਕੜ ਤੋਂ ਵੱਧ ਦਾ ਗੰਨਾ ਖੜ੍ਹਾ ਸੀ।

25 acres sugarcane crop burnt

ਜਲੰਧਰ: ਪਿੰਡ ਡੱਲਾ ਗੋਰੀਆਂ ਦੇ ਰਕਬੇ ਵਿਚ ਅੱਜ ਸਵੇਰੇ ਗੰਨੇ ਦੇ ਖੇਤਾਂ ਨੂੰ ਅੱਗ ਲੱਗਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ। ਅੱਗ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ 25 ਏਕੜ ਗੰਨੇ ਦੀ ਖੜੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਮੌਕੇ ਅੱਗ ਬੁਝਾਊ ਗੱਡੀਆਂ ਦੀ ਮਦਦ ਨਾਲ ਥਾਣਾ ਕਾਹਨੂੰਵਾਨ ਦੀ ਪੁਲਿਸ ਨੇ ਥਾਣਾ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਵਿਚ ਅੱਗ ਉੱਤੇ ਕਾਬੂ ਪਾਇਆ ਗਿਆ।

ਪੀੜਤ ਕਿਸਾਨ ਰਾਮ ਕ੍ਰਿਸ਼ਨ ਵਾਸੀ ਸਿੰਬਲੀ ਵਾਸੀ ਨੇ ਦੱਸਿਆ ਕਿ ਅੱਜ ਕਰੀਬ 9 ਵਜੇ ਦੇ ਕਰੀਬ ਪਿੰਡ ਡੱਲਾ ਗੋਰੀਆਂ ਦੇ ਛੰਭ ਖੇਤਰ ਵਿਚ ਗੰਨੇ ਵਾਲੇ ਰਕਬੇ ਨੂੰ ਅੱਗ ਲਾਣ ਦੀ ਸੂਚਨਾ ਮਿਲੀ। ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ 15 ਏਕੜ ਦੇ ਕਰੀਬ ਗੰਨਾ ਅੱਗ ਦੀ ਲਪੇਟ ਵਿਚ ਆ ਚੁੱਕਾ ਸੀ। ਕਰੀਬ 2 ਘੰਟੇ ਦੀ ਉਡੀਕ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ ਦੋ ਗੱਡੀਆਂ ਮੌਕੇ ਉੱਤੇ ਪਹੁੰਚੀਆਂ।

ਇਸ ਦੌਰਾਨ ਥਾਣਾ ਕਾਹਨੂੰਵਾਨ ਦੇ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਵਿਚ ਅੱਗ ਉੱਤੇ ਕਾਬੂ ਪਾਉਣਾ ਸ਼ੁਰੂ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਇਸ ਅੱਗ ਉੱਤੇ ਕਾਬੂ ਪਾਉਣ ਲਈ ਇਲਾਕੇ ਦੇ ਕਿਸਾਨਾਂ ਨੇ ਭਾਰੀ ਮੁਸ਼ੱਕਤ ਕੀਤੀ। ਕਿਸਾਨਾਂ ਨੇ ਦੱਸਿਆ ਕਿ ਇਸ ਖੇਤਰ ਵਿਚ ਕਰੀਬ 100 ਏਕੜ ਤੋਂ ਵੱਧ ਦਾ ਗੰਨਾ ਖੜ੍ਹਾ ਸੀ। ਪਰ ਕਿਸਾਨਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਕੀਤੀ ਭਾਰੀ ਜੱਦੋ ਜਹਿਦ ਅਤੇ ਹਵਾ ਦੇ ਬਦਲੇ ਰੁਖ ਕਾਰਨ ਗੰਨੇ ਦੀ ਫ਼ਸਲਾਂ ਦਾ ਨੁਕਸਾਨ 25 ਏਕੜ ਦੇ ਕਰੀਬ ਹੋਇਆ ਹੈ।

ਨੁਕਸਾਨੇ ਗਏ ਰਕਬੇ ਵਿਚ ਰਾਮ ਕ੍ਰਿਸ਼ਨ ਸਿੰਬਲੀ ਦਾ 6 ਏਕੜ, ਰਾਜ ਕੁਮਾਰ ਕਾਹਨੂੰਵਾਨ ਦਾ 2 ਏਕੜ, ਕਰਮ ਚੰਦ ਦਾ 2 ਏਕੜ, ਸੁਰਿੰਦਰਪਾਲ ਡੱਲਾ ਗੋਰੀਆ ਦਾ 2 ਏਕੜ, ਵਰਿੰਦਰ ਵਾਸੀ ਕਾਹਨੂੰਵਾਨ ਦਾ 4 ਏਕੜ ਤੋਂ ਇਲਾਵਾ ਕਈ ਹੋਰ ਅੱਧੀ ਦਰਜਨ ਦੇ ਕਰੀਬ ਕਿਸਾਨਾਂ ਦਾ ਰਕਬਾ ਸ਼ਾਮਲ ਸੀ।
ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਨੁਕਸਾਨੇ ਗਏ ਗੰਨੇ ਲਈ ਤੁਰੰਤ ਡਿਮਾਂਡ ਪਰਚੀਆਂ ਜਾਰੀ ਕੀਤੀਆਂ ਜਾਣ ਤਾਂ ਜੋ ਗੰਨੇ ਦੇ ਹੋਏ ਨੁਕਸਾਨ ਦੀ ਭਰਪਾਈ ਕੁਝ ਹੱਦ ਤੱਕ ਹੋ ਸਕੇ। ਕਿਸਾਨਾਂ ਨੇ ਮੰਗ ਕੀਤੀ ਕਿ ਅੱਗ ਲਗਾਉਣ ਦੇ ਜ਼ਿੰਮੇਵਾਰ ਵਿਅਕਤੀਆਂ ਦੀ ਭਾਲ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।