ਗੁਰੂਗ੍ਰਾਮ 'ਚ ਮੁਸਲਿਮ ਪਰਿਵਾਰ ਦੀਆਂ ਔਰਤਾਂ ਅਤੇ ਬੱਚਿਆਂ 'ਤੇ ਦਰਜਨਾਂ ਲੋਕਾਂ ਵੱਲੋਂ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਗੁਰੂਗ੍ਰਾਮ ਵਿਚ ਕੁਝ ਲੋਕਾਂ ਨੇ ਇਕ ਮੁਸਲਿਮ ਪਰਿਵਾਰ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਹੈ। ਜਿਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ।

Mob Attacks on Muslim Family

ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ਖੇਤਰ ਵਿਚ ਭੂਪਸਿੰਘ ਨਗਰ ਵਿਚ ਕੁਝ ਲੋਕਾਂ ਨੇ ਇਕ ਮੁਸਲਿਮ ਪਰਿਵਾਰ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਹੈ। ਜਿਸ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਕੁਝ ਲੋਕ ਇਕ ਮੁਸਲਿਮ ਪਰਿਵਾਰ ਦੇ ਘਰ ਵਿਚ ਘੁੱਸ ਕੇ ਔਰਤਾਂ ਅਤੇ ਬੱਚਿਆਂ ਨੂੰ ਲਾਠੀ ਨਾਲ ਮਾਰ ਰਹੇ ਹਨ। ਘਰ ਦੀਆਂ ਔਰਤਾਂ ਮਦਦ ਲਈ ਚਿਲਾਉਂਦੀਆਂ ਰਹੀਆਂ ਤੇ ਉਹ ਉਹਨਾਂ ਨੂੰ ਮਾਰਦੇ ਰਹੇ। ਇਸ ਪਰਿਵਾਰ ਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਗਿਆ ਹੈ ਕਿ ਪਰਿਵਾਰ ਦੇ ਕਈ ਲੋਕ ਗੰਭੀਰ ਰੂਪ ਵਿਚ ਜ਼ਖਮੀ ਹਨ। ਘਟਨਾ ਵੀਰਵਾਰ ਦੀ ਹੈ, ਜਦੋਂ ਦੇਸ਼ ਭਰ ਵਿਚ ਹੋਲੀ ਮਨਾਈ ਜਾ ਰਹੀ ਸੀ।

ਜਾਣਕਾਰੀ ਮੁਤਾਬਕ 20 ਲੋਕ ਭੂਪਸਿੰਘ ਨਗਰ ਵਿਚ 31 ਸਾਲਾਂ ਮੁਹੰਮਦ ਦਿਲਸ਼ਾਦ ਦੇ ਦੋ ਮੰਜ਼ਿਲਾ ਮਕਾਨ ਵਿਚ ਘੁੱਸ ਗਏ ਅਤੇ ਉਹਨਾਂ ਨੂੰ ਧਮਕਾਉਣ ਲੱਗੇ। ਉਹ ਹਾਕੀ ਸਟਿੱਕ ਆਪਣੇ ਨਾਲ ਲੈ ਕੇ ਆਏ ਸੀ ਅਤੇ ਉਹਨਾਂ ਨੇ ਉਸੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਬਾਅਦ ਵਿਚ ਪੁਲਿਸ ਕੋਲ ਦਰਜ ਕੀਤੀ ਸ਼ਿਕਾਇਤ ਵਿਚ ਦਿਲਸ਼ਾਦ ਨੇ ਦੱਸਿਆ ਕਿ ਲੋਕਾਂ ਨੇ ਉਸਦੇ ਘਰ ‘ਤੇ ਪੱਥਰਾਂ ਨਾਲ ਹਮਲਾ ਕੀਤਾ ਅਤੇ ਉਹਨਾਂ ਦੀ ਬਾਈਕ ਵੀ ਤੋੜ ਦਿੱਤੀ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਘਰ ਦੀਆਂ ਔਰਤਾਂ ਨੂੰ ਸੁਰੱਖਿਆ ਲਈ ਦੂਜੀ ਮੰਜ਼ਿਲ ‘ਤੇ ਭੇਜ ਦਿੱਤਾ।

ਉਥੇ ਹੀ ਉਸਦੀ 21 ਸਾਲ ਦੀ ਬੇਟੀ ਦਨਿਸ਼ਤਾ ਨੇ ਇਸ ਪੂਰੇ ਹਮਲੇ ਦਾ ਵੀਡੀਓ ਬਣਾ ਲਿਆ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਦਿਲਸ਼ਾਦ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਹ ਕੂਲਰ ਵੇਚਣ ਦਾ ਕੰਮ ਕਰਦਾ ਹੈ। ਉਸਨੇ 4 ਸਾਲ ਪਹਿਲਾਂ ਹੀ ਇਹ ਮਕਾਨ ਬਣਾਇਆ ਸੀ, ਜਿਸ ਵਿਚ ਉਹ ਆਪਣੇ ਪਰਿਵਾਰ ਅਤੇ ਆਪਣੇ ਅੰਕਲ ਦੇ ਪਰਿਵਾਰ ਨਾਲ ਰਹਿੰਦਾ ਸੀ। ਇਸ ਇਲਾਕੇ ਵਿਚ 4-5 ਮੁਸਲਿਮ ਪਰਿਵਾਰਾਂ ਦੇ ਘਰ ਹਨ।

ਜਾਣਕਾਰੀ ਮੁਤਾਬਕ ਜਿਸ ਘਰ ‘ਤੇ ਹਮਲਾ ਹੋਇਆ ਹੈ, ਉੱਥੋਂ ਦੇ ਬੱਚੇ ਕ੍ਰਿਕੇਟ ਖੇਡ ਰਹੇ ਸੀ ਅਤੇ ਉਸੇ ਸਮੇਂ ਉਹਨਾਂ ਦੀ ਗੇਂਦ ਕਿਸੇ ਦੇ ਜਾ ਵੱਜੀ। ਦੇਖਦੇ ਹੀ ਦੇਖਦੇ ਕਈ ਲੋਕਾਂ ਨੇ ਮੁਸਲਿਮ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਥੇ ਕੀ ਕਰ ਰਹੇ ਹੋ? ਪਾਕਿਸਤਾਨ ਜਾਓ। ਜਦੋਂ ਉਹ ਬੱਚੇ ਖੇਡਣਾ ਛੱਡ ਕੇ ਘਰ ਆਏ ਤਾਂ ਹਮਲਾਵਰ ਘਰ ‘ਤੇ ਵੀ ਆ ਗਏ ਅਤੇ ਉਹਨਾਂ ਨੇ ਫਿਰ ਹਮਲਾ ਕਰ ਦਿੱਤਾ। ਇਸਦੇ ਨਾਲ ਹੀ ਉਹ ਲੋਕ ਪਰਿਵਾਰ ਦਾ ਕੁਝ ਕੀਮਤੀ ਸਮਾਨ ਵੀ ਲੈ ਗਏ ਅਤੇ ਉਹਨਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ।

ਗੁਰੂਗ੍ਰਾਮ ਪੁਲਿਸ ਦੇ ਐਸ ਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਾਰਾ307, 452, 427, 506 ਦੇ ਤਹਿਤ ਦਰਜਨਾਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਨੇ ਕਿਹਾ, "ਅਜਿਹੀਆਂ ਘਟਨਾਵਾਂ ਹਫ਼ਤੇ ਵਿਚ ਇੱਕ ਅੱਧੀ ਵਾਰ ਵਾਪਰ ਹੀ ਜਾਂਦੀਆਂ ਹਨ, ਇਹ ਫਿਰਕੂ ਹਿੰਸਾ ਨਹੀਂ ਹੈ।"