ਕਾਂਗਰਸ ਪਾਰਟੀ ਨੇ ਦੱਖਣੀ ਦਿੱਲੀ ਤੋਂ ਮੁੱਕੇਬਾਜ ਵਿਜੇਂਦਰ ਕੁਮਾਰ ਨੂੰ ਉਮੀਦਵਾਰ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਦੱਖਣੀ ਦਿੱਲੀ ਲੋਕ ਸਭਾ ਸੀਟ ਤੋਂ ਓਲੰਪਿਕ ਤਗਮਾ ਜੇਤੂ ਮੁੱਕੇਬਾਜ ਵਿਜੇਂਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ...

Vijender Kumar

ਨਵੀਂ ਦਿੱਲੀ : ਕਾਂਗਰਸ ਨੇ ਦੱਖਣੀ ਦਿੱਲੀ ਲੋਕ ਸਭਾ ਸੀਟ ਤੋਂ ਓਲੰਪਿਕ ਤਗਮਾ ਜੇਤੂ ਮੁੱਕੇਬਾਜ ਵਿਜੇਂਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਪਾਰਟੀ ਵਲੋਂ ਸੋਮਵਾਰ ਰਾਤ ਜਾਰੀ ਬਿਆਨ ਦੇ ਮੁਤਾਬਕ ਦੱਖਣੀ ਦਿੱਲੀ ਤੋਂ ਵਿਜੇਂਦਰ ਉਸਦੇ ਉਮੀਦਵਾਰ ਹੋਣਗੇ। ਇਸ ਸੀਟ ‘ਤੇ ਵਿਜੇਂਦਰ ਦਾ ਮੁਕਾਬਲਾ ਭਾਜਪਾ ਦੇ ਰਮੇਸ਼ ਬਿਧੂਡ ਅਤੇ ਆਮ ਆਦਮੀ ਪਾਰਟੀ  ਦੇ ਰਾਘਵ ਚੱਢਾ ਨਾਲ ਹੋਵੇਗਾ। ਵਿਜੇਂਦਰ ਨੇ 2008 ਦੇ ਬੀਜਿੰਗ ਓਲੰਪਿਕ ਵਿੱਚ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ।

ਉਮੀਦਵਾਰ ਐਲਾਨ ਹੋਣ ਤੋਂ ਬਾਅਦ ਵਿਜੇਂਦਰ ਨੇ ਟਵੀਟ ਕਰਕੇ ਕਿਹਾ,  20 ਸਾਲਾਂ ਤੋਂ ਜ਼ਿਆਦਾ ਦੇ ਆਪਣੇ ਮੁੱਕੇਬਾਜੀ ਦੇ ਕੈਰੀਅਰ ਵਿਚ ਮੈਂ ਰਿੰਗ ਵਿੱਚ ਰਹਿੰਦੇ ਹੋਏ ਆਪਣੇ ਦੇਸ਼ ਦਾ ਨਾਮ ਹਮੇਸ਼ਾ ਉੱਚਾ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਮੈਂ ਆਪਣੇ ਦੇਸ਼ ਵਾਸੀਆਂ ਲਈ ਕੁਝ ਕਰ ਕੇ ਦਿਖਾਵਾਂ ਅਤੇ ਉਨ੍ਹਾਂ ਦੀ ਸੇਵਾ ਕਰਾਂ। ਉਨ੍ਹਾਂ ਨੇ ਕਿਹਾ,  ਮੈਂ ਇਸ ਮੌਕੇ ਨੂੰ ਸਵੀਕਾਰ ਕਰਦਾ ਹਾਂ ਅਤੇ ਇਸ ਜ਼ਿੰਮੇਵਾਰੀ ਲਈ ਕਾਂਗਰਸ ਪਾਰਟੀ, ਰਾਹੁਲ ਗਾਂਧੀ ਜੀ ਅਤੇ ਪ੍ਰਿਅੰਕਾ ਗਾਂਧੀ ਜੀ ਦਾ ਤਹਿ ਦਿਲੋਂ ਧਨਵਾਦ ਕਰਦਾ ਹਾਂ। ਉਨ੍ਹਾਂ ਦੇ ਉਮੀਦਵਾਰ ਦੇ ਐਲਾਨ ਦੇ ਨਾਲ ਹੀ ਕਾਂਗਰਸ ਨੇ ਦਿੱਲੀ ਦੀਆਂ ਸੱਤਾਂ ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤੇ ਹਨ।

ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੂੰ ਉਤਰ-ਪੂਰਬੀ ਦਿੱਲੀ ਤੋਂ ਟਿਕਟ ਦਿੱਤਾ ਗਿਆ ਹੈ ਜਿੱਥੋਂ ਦਿੱਲੀ ਭਾਜਪਾ ਪ੍ਰਧਾਨ ਮਨੋਜ ਤੀਵਾੜੀ  ਅਤੇ ਆਪ ਨੇਤਾ ਦਲੀਪ ਪੰਡਿਤ  ਚੁਨਾਵੀ ਮੈਦਾਨ ਵਿੱਚ ਹਨ। ਪ੍ਰਦੇਸ਼ ਕਾਂਗਰਸ ਕਮੇਟੀ  ਦੇ ਸਾਬਕਾ ਪ੍ਰਧਾਨ ਅਜੈ ਮਾਕਨ ਨੂੰ ਨਵੀਂ ਦਿੱਲੀ, ਜੇਪੀ ਅਗਰਵਾਲ ਨੂੰ ਚਾਂਦਨੀ ਚੌਕ, ਰਾਜੇਸ਼ ਲਿਲੋਠੀਆ ਨੂੰ ਉੱਤਰ-ਪੱਛਮੀ ਦਿੱਲੀ,  ਮਹਾਬਲ ਮਿਸ਼ਰਾ ਨੂੰ ਪੱਛਮੀ ਦਿੱਲੀ ਅਤੇ ਅਮਰਿੰਦਰ ਸਿੰਘ ਲਵਲੀ ਨੂੰ ਪੂਰਬੀ ਦਿੱਲੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਲੋਕ ਸਭਾ ਚੋਣ ਲਈ ਹੁਣ ਤੱਕ ਕੁੱਲ 422 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਮ ਵੀ ਸ਼ਾਮਲ ਹਨ।