ਜੋਸ਼ ’ਚ ਦਿਤਾ ਸੀ ‘ਚੌਕੀਦਾਰ ਚੋਰ ਹੈ’ ਵਾਲਾ ਬਿਆਨ, ਮੈਨੂੰ ਅਫ਼ਸੋਸ ਹੈ: ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਵਿਚ ਅਪਣਾ ਜਵਾਬ ਦਾਖ਼ਲ ਕਰਦੇ ਹੋਏ ਕਿਹਾ ਜੋਸ਼ ਵਿਚ ਅਜਿਹਾ ਬਿਆਨ ਦਿਤਾ ਸੀ, ਜਿਸ ਦੇ ਲਈ ਉਨ੍ਹਾਂ ਨੂੰ ਅਫ਼ਸੋਸ ਹੈ

Rahul Gandhi

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਮਾਮਲੇ ’ਤੇ ਸੁਪਰੀਮ ਕੋਰਟ ਵਿਚ ਅਪਣਾ ਜਵਾਬ ਦਾਖ਼ਲ ਕਰ ਦਿਤਾ ਹੈ। ਰਾਹੁਲ ਗਾਂਧੀ ਨੇ ਕੋਰਟ ਵਿਚ ਕਿਹਾ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਜੋਸ਼ ਵਿਚ ਅਜਿਹਾ ਬਿਆਨ ਦਿਤਾ ਸੀ, ਜਿਸ ਦੇ ਲਈ ਉਨ੍ਹਾਂ ਨੂੰ ਅਫ਼ਸੋਸ ਹੈ। ਦੱਸ ਦਈਏ ਕਿ ਰਾਹੁਲ ਗਾਂਧੀ ਨੇ ਰਾਫ਼ੇਲ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿਤਾ ਹੈ ਕਿ ਚੌਕੀਦਾਰ ਚੋਰ ਹੈ।

ਰਾਹੁਲ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਨੇ ਪਟੀਸ਼ਨ ਦਾਇਰ ਕਰ ਕੇ ਰਾਹੁਲ ਗਾਂਧੀ ਵਿਰੁਧ ਕੋਰਟ ਦੀ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਾਣਹਾਨੀ ਨੋਟਿਸ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਸੁਪ੍ਰੀਮ ਕੋਰਟ ਵਿਚ ਕਿਹਾ, ਹਾਂ ਮੈਂ ਮੰਨਦਾ ਹਾਂ ਕਿ ਸੁਪਰੀਮ ਕੋਰਟ ਨੇ ਕਦੇ ਨਹੀਂ ਕਿਹਾ ਚੌਕੀਦਾਰ ਚੌਰ ਹੈ। ਮੇਰੇ ਵਲੋਂ ਇਹ ਬਿਆਨ ਚੋਣ ਪ੍ਰਚਾਰ ਦੇ ਦੌਰਾਨ ਜੋਸ਼ ਵਿਚ ਦਿਤਾ ਗਿਆ ਸੀ।

ਰਾਹੁਲ ਗਾਂਧੀ ਨੇ ਇਸ ਮਾਮਲੇ ਵਿਚ ਅੰਡਰਟੇਕਿੰਗ ਦਿੰਦੇ ਹੋਏ ਕਿਹਾ ਕਿ ਅੱਗੇ ਤੋਂ ਮੈਂ ਪਬਲਿਕ ਵਿਚ ਕੋਈ ਵੀ ਅਜਿਹੀ ਟਿੱਪਣੀ ਨਹੀਂ ਕਰਾਂਗਾ, ਜਦੋਂ ਤੱਕ ਕਿ ਕੋਰਟ ਵਿਚ ਅਜਿਹੀ ਗੱਲ ਰਿਕਾਰਡ ਵਿਚ ਨਾ ਕਹੀ ਗਈ ਹੋਵੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੇਰੇ ਸ਼ਬਦਾਂ ਨੂੰ ਵਿਰੋਧੀਆਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਬੀਤੇ 15 ਅਪ੍ਰੈਲ ਨੂੰ ਸੁਪਰੀਮ ਕੋਰਟ ਵਿਚ ਮਾਣਹਾਨੀ ਪਟੀਸ਼ਨ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਰੰਜਨ ਗੋਗੋਈ ਨੇ ਮੰਨਿਆ ਕਿ ਅਸੀਂ ਇਹ ਬਿਆਨ ਕਦੇ ਨਹੀਂ ਦਿਤਾ ਹੈ, ਅਸੀ ਇਸ ਮਸਲੇ ਉਤੇ ਸਫ਼ਾਈ ਮੰਗਾਂਗੇ।

ਕੋਰਟ ਨੇ ਕਿਹਾ ਕਿ ਅਸੀ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਜੋ ਵੀ ਵਿਚਾਰ ਕੋਰਟ ਨੂੰ ਲੈ ਕੇ ਮੀਡੀਆ ਵਿਚ ਪੇਸ਼ ਕੀਤੇ ਗਏ ਹਨ, ਉਹ ਪੂਰੀ ਤਰ੍ਹਾਂ ਤੋਂ ਗਲਤ ਹਨ। ਇਸ ਮਾਮਲੇ ਦੀ ਪੂਰੀ ਜਾਣਕਾਰੀ ਨੂੰ ਲੈ ਕੇ ਅਸੀਂ ਸਫ਼ਾਈ ਮੰਗਣਾ ਚਾਹਾਂਗੇ। ਸਾਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਇਸ ਬਿਆਨ ਉਤੇ ਅਪਣੀ ਸਫ਼ਾਈ ਦੇਣਗੇ।