ਵੋਟ ਪਾਉਣ ਮਗਰੋਂ ਬੋਲੇ ਮੋਦੀ- ਆਈਈਡੀ ਨਾਲੋਂ ਜ਼ਿਆਦਾ ਤਾਕਤਵਰ ਹੈ ਵੋਟਰ ਆਈਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਪਣੀ ਵੋਟ ਪਾਉਣ ਲਈ ਗੁਜਰਾਤ ਦੇ ਅਹਿਮਦਾਬਾਦ ਪਹੁੰਚੇ।

PM Narendra modi cast vote

ਅਹਿਮਦਾਬਾਦ: ਲੋਕ ਸਭਾ ਚੋਣਾਂ 2019 ਦੇ ਤਹਿਤ ਤੀਜੇ ਪੜਾਅ ਲਈ 117 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਚੁਕੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਪਣੀ ਵੋਟ ਪਾਉਣ ਲਈ ਗੁਜਰਾਤ ਦੇ ਅਹਿਮਦਾਬਾਦ ਪਹੁੰਚੇ। ਗੁਜਰਾਤ ਪਹੁੰਚ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਅਪਣੀ ਮਾਂ ਨਾਲ ਮੁਲਾਕਾਤ ਕੀਤੀ ਅਤੇ  ਉਹਨਾਂ ਦੇ ਪੈਰ ਛੂਹ ਕੇ ਆਸ਼ਿਰਵਾਦ ਲਿਆ। ਇਸ ਤੋਂ ਬਾਅਦ ਉਹਨਾਂ ਨੇ ਪੋਲਿੰਗ ਬੂਥ ‘ਤੇ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਪੀਐਮ ਮੋਦੀ ਨੇ ਵੋਟਰ ਆਈਡੀ ਨੂੰ ਆਈਈਡੀ ਤੋਂ ਜ਼ਿਆਦਾ ਤਾਕਤਵਰ ਦੱਸਿਆ।

ਪੀਐਮ ਮੋਦੀ ਨੇ ਕਿਹਾ ਕਿ ਅਤਿਵਾਦ ਦਾ ਸ਼ਸਤਰ ਆਈਈਡੀ ਹੁੰਦਾ ਹੈ ਅਤੇ ਲੋਕਤੰਤਰ ਦਾ ਸ਼ਸਤਰ ਵੋਟਰ ਆਈਡੀ ਹੁੰਦਾ ਹੈ। ਉਹਨਾਂ ਕਿਹਾ ਕਿ ਸਾਨੂੰ ਵੋਟਰ ਆਈਡੀ ਨੂੰ ਤਾਕਤਵਰ ਸਮਝਣਾ ਚਾਹੀਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਵੋਟਿੰਗ ਕਰਨੀ ਚਾਹੀਦੀ ਹੈ। ਅਹਿਮਦਾਬਾਦ ਵਿਖੇ ਵੋਟ ਪਾਉਣ ਤੋਂ ਪਹਿਲਾਂ ਪੀਐਮ ਮੋਦੀ ਗਾਂਧੀਨਗਰ ਸਥਿਤ ਅਪਣੀ ਮਾਂ ਦੇ ਘਰ ਪਹੁੰਚੇ । ਜਿੱਥੇ ਉਹਨਾਂ ਨੇ ਮਾਂ ਹੀਰਾਬੇਨ ਦੇ ਪੈਰ ਛੂਹੇ ਅਤੇ ਉਹਨਾਂ ਤੋਂ ਆਸ਼ਿਰਵਾਦ ਵੀ ਲਿਆ। ਇਸ ਤੋਂ ਬਾਅਦ ਪੀਐਮ ਮੋਦੀ ਅਹਿਮਦਾਬਾਦ ਦੇ ਰਾਨਿਲ ਸਥਿਤ ਪੋਲਿੰਗ ਬੂਥ ‘ਤੇ ਗਏ ਜਿੱਥੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਪਹਿਲਾਂ ਤੋਂ ਹੀ ਮੌਜੂਦ ਸਨ।

ਮੀਡੀਆ ਰਿਪੋਰਟਾਂ ਮੁਤਾਬਿਕ ਪੀਐਮ ਮੋਦੀ ਵੋਟ ਪਾਉਣ ਲਈ ਖੁੱਲੀ ਜੀਪ ਵਿਚ ਪੋਲਿੰਗ ਬੂਥ ਪਹੁੰਚੇ। ਵੋਟ ਪਾਉਣ ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ। ਵੋਟ ਪਾਉਣ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਵੋਟਰ ਆਈਡੀ ਅਤੇ ਲੋਕਤੰਤਰ ਦੀ ਤਾਕਤ ਸਮਝਾਈ।

ਦੱਸ ਦਈਏ ਕਿ ਅੱਜ ਲੋਕ ਸਭਾ ਚੋਣਾਂ ਦੀਆਂ 117 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਹ ਸੀਟਾਂ 15 ਸੂਬਿਆਂ ਵਿਚ ਆਉਂਦੀਆਂ ਹਨ। ਇਹਨਾਂ ਵਿਚ ਗੁਜਰਾਤ ਦੀਆਂ ਸਾਰੀਆ ਲੋਕ ਸਭਾ ਸੀਟਾਂ (26) ਕੇਰਲ ਦੀਆਂ ਸਾਰੀਆਂ ਸੀਟਾਂ (20), ਅਸਾਮ ਦੀਆਂ 4 ਸੀਟਾਂ, ਬਿਹਾਰ ਵਿਚ 5 ਸੀਟਾਂ, ਛੱਤੀਸਗੜ੍ਹ ਵਿਚ 7, ਕਰਨਾਟਕਾ-ਮਹਾਰਾਸ਼ਟਰ ਵਿਚ 14-14 ਸੀਟਾਂ, ਯੂਪੀ ਵਿਚ 10, ਪੱਛਮੀ ਬੰਗਾਲ ਵਿਚ 5, ਗੋਆ ਵਿਚ 2 ਅਤੇ ਦਾਦਰ ਨਗਰ ਹਵੇਲੀ, ਦਾਮਨ ਦੀਪ ਅਤੇ ਤ੍ਰਿਪੁਰਾ ਦੀਆਂ ਇਕ-ਇਕ ਸੀਟਾਂ ਸ਼ਾਮਿਲ ਹਨ।