12 ਕਰੋੜ ਨੌਕਰੀਆਂ ਗਈਆਂ, ਲੌਕਡਾਊਨ ਵਧਾਉਣ ਦੀ ਰਣਨੀਤੀ ‘ਤੇ ਦੁਬਾਰਾ ਸੋਚੇ ਸਰਕਾਰ-ਸੋਨੀਆ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਡੀਅਨ ਨੈਸ਼ਨਲ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਲੌਕਡਾਊਨ ਦੇ ਪਹਿਲੇ ਪੜਾਅ ਵਿਚ 12 ਕਰੋੜ ਨੌਕਰੀਆਂ ਚਲੀਆਂ ਗਈਆਂ ਹਨ।

Photo

ਨਵੀਂ ਦਿੱਲੀ: ਇੰਡੀਅਨ ਨੈਸ਼ਨਲ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਲੌਕਡਾਊਨ ਦੇ ਪਹਿਲੇ ਪੜਾਅ ਵਿਚ 12 ਕਰੋੜ ਨੌਕਰੀਆਂ ਚਲੀਆਂ ਗਈਆਂ ਹਨ। ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਆਰਥਿਕ ਗਤੀਵਿਧੀਆਂ ਠੱਪ ਹੋਣ ਕਾਰਨ ਬੇਰੁਜ਼ਗਾਰੀ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਸੰਕਟ ਤੋਂ ਉਭਰਨ ਲਈ ਹਰੇਕ ਪਰਿਵਾਰ ਨੂੰ ਘੱਟੋ ਘੱਟ 7,500 ਰੁਪਏ ਦਿੱਤੇ ਜਾਣ। ਸੋਨੀਆ ਗਾਂਧੀ ਨੇ ਚੇਤਾਵਨੀ ਵੀ ਦਿੱਤੀ ਕਿ ਇਸ ਫਾਰਮੈਟ ਵਿਚ ਲੌਕਡਾਊਨ ਵਧਾਉਣਾ ਅਰਥਚਾਰੇ ਲਈ ਤਬਾਹੀ ਸਾਬਤ ਹੋਵੇਗਾ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਕਟ ਪ੍ਰਤੀ ਕੇਂਦਰ ਦੀ ਪ੍ਰਤੀਕਿਰਿਆ ਨੂੰ ਅਸੰਤੁਸ਼ਟ ਕਰਾਰ ਦਿੱਤਾ। ਸੋਨੀਆ ਗਾਂਧੀ ਨੇ ਚਿੰਤਾ ਜ਼ਾਹਰ ਕੀਤੀ ਕਿ ਰੁਕੀਆਂ ਹੋਈਆਂ ਆਰਥਿਕ ਗਤੀਵਿਧੀਆਂ ਕਾਰਨ ਬੇਰੁਜ਼ਗਾਰੀ ਵਧੇਗੀ, ਕੇਂਦਰ ਨੂੰ ਸੰਕਟ ਨੂੰ ਦੂਰ ਕਰਨ ਲਈ ਹਰ ਆਮ ਆਦਮੀ ਦੇ ਖਾਤੇ ਵਿਚ 7,500 ਰੁਪਏ ਭੇਜਣੇ ਚਾਹੀਦੇ ਹਨ।

ਕਾਂਗਰਸ ਪ੍ਰਧਾਨ ਨੇ ਕਿਹਾ, ‘ਲੌਕਡਾਊਨ ਜਾਰੀ ਹੈ ਅਤੇ ਸਾਡੇ ਸਮਾਜ ਦੇ ਸਾਰੇ ਵਰਗਾਂ ਲਈ ਭਾਰੀ ਦਿੱਕਤਾਂ ਅਤੇ ਸੰਕਟ ਆ ਰਹੇ ਹਨ। ਖ਼ਾਸ ਤੌਰ ‘ਤੇ ਕਿਸਾਨਾਂ, ਖੇਤ ਮਜ਼ਦੂਰਾਂ, ਪ੍ਰਵਾਸੀ ਮਜ਼ਦੂਰਾਂ, ਨਿਰਮਾਣ ਕਾਰਜਾਂ ਵਿਚ ਲੱਗੇ ਮਜ਼ਦੂਰਾਂ ਅਤੇ ਅਸੰਗਠਿਤ ਖੇਤਰਾਂ ਦੇ ਕਰਮਚਾਰੀਆਂ ਲਈ ਹਾਲਾਤ ਬਹੁਤ ਮਾੜੇ ਹਨ। ਕਾਰੋਬਾਰ ਅਤੇ ਉਦਯੋਗ ਠੱਪ ਹੋ ਗਏ ਹਨ, ਕਰੋੜਾਂ ਦੀ ਰੋਜ਼ੀ-ਰੋਟੀ ਤਬਾਹ ਹੋ ਗਈ ਹੈ’।

ਸੋਨੀਆ ਗਾਂਧੀ ਨੇ ਕਿਹਾ ਕਿ ਜੇਕਰ ਲੌਕਡਾਊਨ 3 ਮਈ ਤੋਂ ਬਾਅਦ ਵਧਾਇਆ ਗਿਆ ਤਾਂ ਉਹ ਹੋਰ ਤਬਾਹੀ ਵਾਲਾ ਹੋਵੇਗਾ। ਇਸ ਕੋਂ ਇਲ਼ਾਵਾ ਕਾਂਗਰਸ ਪ੍ਰਧਾਨ ਨੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ। ਉਹਨਾਂ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਵੀ ਕੇਂਦਰ ਸਰਕਾਰ ਅੱਗੇ ਮੰਗ ਰੱਖੀ।