ਨਹੀਂ ਚਲਿਆ 72 ਹਜ਼ਾਰ, ਭਾਰੀ ਪਿਆ 'ਚੌਕੀਦਾਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ 'ਨਾਂਹਪੱਖੀ' ਪ੍ਰਚਾਰ ਨੇ ਪਾਰਟੀ ਦਾ ਹੀ ਨੁਕਸਾਨ ਕੀਤਾ

India election results: Modi wins landslide victory

ਨਵੀਂ ਦਿੱਲੀ : ਕਾਂਗਰਸ 'ਗ਼ਰੀਬੀ 'ਤੇ ਵਾਰ, 72 ਹਜ਼ਾਰ' ਦੇ ਨਾਹਰੇ ਨਾਲ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਮਾਤ ਦੇਣ ਦੀ ਰਣਨੀਤੀ ਨਾਲ ਉਤਰੀ ਪਰ ਮੋਦੀ ਦੀ 'ਚੌਕੀਦਾਰ' ਮੁਹਿੰਮ, ਬਾਲਾਕੋਟ ਹਵਾਈ ਹਮਲਾ, ਰਾਸ਼ਟਰਵਾਦ, ਕੌਮੀ ਸੁਰੱਖਿਆ ਅਤੇ ਲੋਕ ਭਲਾਈ ਨਾਲ ਜੁੜੀਆਂ ਯੋਜਨਾਵਾਂ ਦੇ ਹਮਲਾਵਰ ਪ੍ਰਚਾਰ ਅੱਗੇ ਢੇਰ ਹੋ ਗਈ। 

ਰਾਹੁਲ ਗਾਂਧੀ ਦੀ ਅਗਵਾਈ ਵਿਚ ਸਮੁੱਚੀ ਪਾਰਟੀ ਨੇ ਪ੍ਰਚਾਰ ਮੁਹਿੰਮ ਮੋਦੀ 'ਤੇ ਕੇਂਦਰਤ ਰੱਖੀ ਅਤੇ ਰਾਫ਼ੇਲ ਜਹਾਜ਼ ਸੌਦੇ ਵਿਚ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ 'ਚੌਕੀਦਾਰ ਚੋਰ ਹੈ' ਦੀ ਪ੍ਰਚਾਰ ਮੁਹਿੰਮ ਚਲਾਈ ਜਿਸ ਦੇ ਜਵਾਬ ਵਿਚ ਮੋਦੀ ਅਤੇ ਭਾਜਪਾ ਨੇ 'ਮੈਂ ਵੀ ਚੌਕੀਦਾਰ' ਮੁਹਿੰਮ ਸ਼ੁਰੂ ਕੀਤੀ। ਪਾਰਟੀ ਨੂੰ ਉਮੀਦ ਸੀ ਕਿ ਗ਼ਰੀਬਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਉਸ ਦਾ ਵਾਅਦਾ ਭਾਜਪਾ ਦੇ ਰਾਸ਼ਟਰਵਾਦ ਵਾਲੇ ਹਥਿਆਰ ਨੂੰ ਖੁੰਢਾ ਕਰ ਦੇਵੇਗਾ ਜਦਕਿ ਹਕੀਕਤ ਵਿਚ ਅਜਿਹਾ ਨਹੀਂ ਹੋਇਆ।

ਕਾਂਗਰਸ ਦੇ 'ਨਾਂਹਪੱਖੀ' ਪ੍ਰਚਾਰ ਨੇ ਪਾਰਟੀ ਦਾ ਹੀ ਨੁਕਸਾਨ ਕੀਤਾ। ਰਾਹੁਲ ਗਾਂਧੀ ਪ੍ਰਧਾਨ ਮੰਤਰੀ ਅਹੁਦੇ ਅਤੇ ਵਿਰੋਧੀ ਧਿਰ ਦੇ ਆਗੂ ਦੇ ਸਵਾਲ ਨੂੰ ਵੀ ਸਿੱਧੇ-ਅਸਿੱਧੇ ਢੰਗ ਨਾਲ ਟਾਲਦੇ ਰਹੇ। ਉਹ ਵਾਰ ਵਾਰ ਕਹਿੰਦੇ ਰਹੇ ਕਿ ਜਨਤਾ ਮਾਲਕ ਹੈ ਅਤੇ ਉਸ ਦਾ ਫ਼ੈਸਲਾ ਪ੍ਰਵਾਨ ਕੀਤਾ ਜਾਵੇਗਾ।

ਪਿਛਲੇ ਸਾਲ ਨਵੰਬਰ-ਦਸੰਬਰ ਵਿਚ ਤਿੰਨ ਰਾਜਾਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਨੇ ਪਾਰਟੀ ਦੀਆਂ ਲੋਕ ਸਭਾ ਚੋਣਾਂ ਲਈ ਉਮੀਦਾਂ ਨੂੰ ਤਾਕਤ ਦਿਤੀ ਪਰ ਪਾਰਟੀ ਹਵਾ ਦੇ ਇਸ ਰੁਖ਼ ਨੂੰ ਕਾਇਮ ਨਹੀਂ ਰੱਖ ਸਕੀ।