ਪਾਰਟੀ ਦੀ ਹਾਰ ਕਾਰਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਮੱਧ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਪਾਰਟੀ ਲਈ ਨਿਰਾਸ਼ਾਜਨਕ ਰਹੇ ਹਨ।

Ratan Singh Thakur

ਮੱਧ ਪ੍ਰਦੇਸ਼: ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਵਿਚ ਹੁਣ ਤੱਕ ਦੇ ਰੁਝਾਨਾਂ ਵਿਚ ਐਨਡੀਏ ਨੇ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰ ਲਿਆ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਮੱਧ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਪਾਰਟੀ ਲਈ ਨਿਰਾਸ਼ਾਜਨਕ ਰਹੇ ਹਨ। ਸੂਬੇ ਵਿਚ ਕਮਲਨਾਥ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਨਤੀਜਿਆਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਦਿਖਾਈ ਦੇ ਰਹੀ ਹੈ।

ਸੀਹੌਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਤਨ ਸਿੰਘ ਠਾਕੁਰ ਕਾਊਂਟਿੰਗ ਸੈਂਟਰ ਵਿਚ ਪਹੁੰਚੇ ਸੀ, ਜਿੱਥੇ ਉਹਨਾਂ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਰਤਨ ਸਿੰਘ ਠਾਕੁਰ ਕਾਊਂਟਿੰਗ ਸੈਂਟਰ ਵਿਚ ਵੋਟਾਂ ਦੀ ਗਿਣਤੀ ਦੇਖਣ ਪਹੁੰਚੇ ਸਨ ਪਰ ਨਤੀਜੇ ਦੇਖ ਕੇ ਉਹ ਅਚਾਨਕ ਬੇਹੋਸ਼ ਹੋ ਕੇ ਗਿਰ ਗਏ। ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲੋਕਾਂ ਨੇ ਦੱਸਿਆ ਕਿ ਉਹ ਅਪਣੇ ਸਾਥੀਆਂ ਨਾਲ ਕਾਊਂਟਿੰਗ ਸੈਂਟਰ ਪਹੁੰਚੇ ਸੀ। ਰਤਨ ਸਿੰਘ ਠਾਕੁਰ ਕਾਫੀ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਵੀ ਕੀਤਾ ਸੀ।

ਸੂਬੇ ਵਿਚ ਕੁਲ 29 ਸੀਟਾਂ ਵਿਚੋਂ 28 ਸੀਟਾਂ ‘ਤੇ ਭਾਜਪਾ ਅੱਗੇ ਚਲ ਰਹੀ ਹੈ ਜਦਕਿ ਕਾਂਗਰਸ ਸਿਰਫ ਇਕ ਸੀਟ ‘ਤੇ ਹੀ ਅੱਗੇ ਹੈ। ਸੂਬੇ ਦੀਆਂ 17 ਲੋਕ ਸਭਾ ਸੀਟਾਂ ‘ਤੇ ਭਾਜਪਾ ਉਮੀਦਵਾਰ ਲੱਖਾਂ ਵੋਟਾਂ ਦੇ ਅੰਤਰ ਨਾਲ ਅੱਗੇ ਚਲ ਰਹੇ ਹਨ। ਭੋਪਾਲ ਤੋਂ ਭਾਜਪਾ ਦੀ ਸਾਧਵੀ ਪ੍ਰੱਗਿਆ ਕਾਂਗਰਸ ਦੇ ਦਿਗਵਿਜੈ ਸਿੰਘ ਤੋਂ ਕਾਫੀ ਅੱਗੇ ਚਲ ਰਹੀ ਹੈ। ਭਾਜਪਾ ਦੇ ਗੜ੍ਹ ਵਿਦਿਸ਼ਾ ਦੀ ਲੋਕ ਸਭਾ ਸੀਟ ‘ਤੇ ਵੀ ਭਾਜਪਾ ਕਾਂਗਰਸ ਨਾਲੋਂ ਕਾਫੀ ਅੱਗੇ ਹੈ। ਇਸਦੇ ਨਾਲ ਹੀ ਸੂਬੇ ਦੀਆਂ 28 ਸੀਟਾਂ ‘ਤੇ ਭਾਜਪਾ ਜਿੱਤ ਹਾਸਿਲ ਕਰ ਰਹੀ ਹੈ।