20 ਕਰੋੜ 'ਬਲੱਡ ਮਨੀ' ਦੇ ਕੇ ਖਾੜੀ ਮੁਲਕਾਂ ਤੋਂ 93 ਭਾਰਤੀਆਂ ਨੂੰ ਬਚਾ ਚੁੱਕੇ ਹਨ ਐਸਪੀ ਸਿੰਘ ਓਬਰਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐਸ.ਪੀ. ਸਿੰਘ ਓਬਰਾਏ ਦੇ ਨਾਂਅ ਤੋਂ ਅੱਜ ਹਰ ਪੰਜਾਬੀ ਜਾਣੂ ਹੈ। ਜਿੱਥੇ ਉਨ੍ਹਾਂ ਦਾ ਟਰੱਸਟ ਖਾੜੀ ਮੁਲਕਾਂ ਵਿਚ...

SP Singh Oberoi

ਚੰਡੀਗੜ੍ਹ : ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐਸ.ਪੀ. ਸਿੰਘ ਓਬਰਾਏ ਦੇ ਨਾਂਅ ਤੋਂ ਅੱਜ ਹਰ ਪੰਜਾਬੀ ਜਾਣੂ ਹੈ। ਜਿੱਥੇ ਉਨ੍ਹਾਂ ਦਾ ਟਰੱਸਟ ਖਾੜੀ ਮੁਲਕਾਂ ਵਿਚ ਕਤਲ ਕੇਸਾਂ ਵਿਚ ਫਸੇ ਬਹੁਤ ਸਾਰੇ ਨੌਜਵਾਨਾਂ ਨੂੰ ਬਚਾਉਣ ਦਾ ਉਪਰਾਲਾ ਕਰ ਚੁੱਕਿਆ ਹੈ, ਉਥੇ ਹੀ ਉਹ ਹੋਰਨਾਂ ਸਮਾਜ ਸੇਵੀ ਕੰਮਾਂ ਵਿਚ ਵੀ ਅਨੇਕਾਂ ਗ਼ਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ। ਹੁਣ ਓਬਰਾਏ ਨੇ 20 ਕਰੋੜ ਰੁਪਏ ਦੀ ਬਲੱਡ ਮਨੀ ਦੇ ਕੇ 15 ਨੌਜਵਾਨਾਂ ਨੂੰ ਖਾੜੀ ਮੁਲਕਾਂ ਤੋਂ ਛੁਡਾ ਕੇ ਭਾਰਤ ਲਿਆਂਦਾ ਹੈ।

ਇਨ੍ਹਾਂ ਵਿਚ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਨੌਜਵਾਨ ਵੀ ਸ਼ਾਮਲ ਹਨ। ਇਹ 15 ਨੌਜਵਾਨ ਸਾਲ 2013 ਦੌਰਾਨ ਦੋ ਪਾਕਿਸਤਾਨੀ ਨਾਗਰਿਕਾਂ ਦੇ ਵੱਖ-ਵੱਖ ਕਤਲ ਕੇਸਾਂ ਵਿਚ ਸਾਊਦੀ ਦੀ ਜੇਲ੍ਹ ਵਿਚ ਬੰਦ ਸਨ। ਖਾੜੀ ਮੁਲਕਾਂ ਵਿਚ ਨਿਯਮ ਮੁਤਾਬਕ ਬਲੱਡ ਮਨੀ ਦੇ ਕੇ ਫਾਂਸੀ ਦੀ ਸਜ਼ਾ ਮੁਆਫ਼ ਹੋ ਜਾਂਦੀ ਹੈ। ਐਸ.ਪੀ. ਸਿੰਘ ਓਬਰਾਏ ਇਸ ਤੋਂ ਪਹਿਲਾਂ ਵੀ ਬਲੱਡ ਮਨੀ ਦੇ ਕੇ ਕਈ ਨੌਜਵਾਨਾਂ ਦੀ ਜਾਨ ਬਚਾ ਚੁੱਕੇ ਹਨ। ਓਬਰਾਏ ਨੇ ਕਿਹਾ ਕਿ ਦੁਬਈ ਜਾਣ ਵਾਲੇ ਪੰਜਾਬੀ ਨੌਜਵਾਨਾਂ ਨੂੰ ਚਾਹੀਦਾ ਹੈ

ਕਿ ਉਹ ਅਪਰਾਧੀਆਂ ਦੇ ਜਾਲ ਵਿਚ ਨਾ ਫਸਣ। ਉਨ੍ਹਾਂ ਦਸਿਆ ਕਿ ਯੂਏਈ ਵਿਚ ਜੇਕਰ ਝਗੜੇ ਦੌਰਾਨ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਦੇਸ਼ ਦੇ ਸਖ਼ਤ ਕਾਨੂੰਨ ਤਹਿਤ ਮੌਤ ਦੀ ਸਜ਼ਾ ਹੁੰਦੀ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਦੇ ਹਰਵਿੰਦਰ ਸਿੰਘ, ਨਵਾਂ ਸ਼ਹਿਰ ਦੇ ਜੀਂਦਰਾ ਦੇ ਰਣਜੀਤ ਸਿੰਘ, ਹੁਸ਼ਿਆਰਪੁਰ ਦੇ ਮਾਹਿਲਪੁਰ ਦੇ ਦਲਵਿੰਦਰ ਸਿੰਘ, ਪਟਿਆਲਾ ਦੇ ਜੱਸੋਮਾਜਰਾ ਦੇ ਸੁੱਚਾ ਸਿੰਘ ਅਤੇ ਬਿਹਾਰ ਦੇ ਧਰਮਿੰਦਰ ਕੁਮਾਰ ਨੂੰ ਸ਼ਾਰਜਾਹ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ,

ਜਿਨ੍ਹਾਂ 'ਤੇ 2011 ਵਿਚ ਉਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੇ ਵਰਿੰਦਰ ਚੌਹਾਨ ਦੇ ਕਤਲ ਦਾ ਦੋਸ਼ ਸੀ। ਇਸ ਵਾਰ ਐਸ.ਪੀ. ਸਿੰਘ ਨੇ ਬਲੱਡ ਮਨੀ ਦਾ ਖ਼ੁਲਾਸਾ ਕਰਨ ਤੋਂ ਭਾਵੇਂ ਇਨਕਾਰ ਕਰ ਦਿਤਾ ਪਰ ਫਿਰ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਇਨ੍ਹਾਂ 15 ਨੌਜਵਾਨਾਂ ਨੂੰ ਛੁਡਾਉਣ ਲਈ ਕਰੀਬ 20 ਕਰੋੜ ਰੁਪਏ ਬਲੱਡ ਮਨੀ ਦੇ ਤੌਰ 'ਤੇ ਦਿਤੇ ਹਨ। ਓਬਰਾਏ ਨੇ ਦਸਿਆ ਕਿ ਇਨ੍ਹਾਂ ਮਾਮਲਿਆਂ ਵਿਚ ਕਾਫ਼ੀ ਖ਼ਰਚ ਆ ਜਾਂਦਾ ਹੈ। ਬਲੱਡ ਮਨੀ ਤੋਂ ਇਲਾਵਾ ਵੀ ਹੋਰ ਕਾਫ਼ੀ ਖ਼ਰਚੇ ਹੁੰਦੇ ਹਨ।  ਸਾਲ 2013 ਵਿਚ ਵੀ ਓਬਰਾਏ ਨੇ 10 ਭਾਰਤੀ ਨੌਜਵਾਨਾਂ ਨੂੰ ਕਤਲ ਕੇਸ ਵਿਚੋਂ ਬਚਾਇਆ ਸੀ,

ਜਿਨ੍ਹਾਂ 'ਤੇ ਆਬੂਧਾਬੀ ਦੇ ਅਲ ਏਨ ਵਿਚ ਇਕ ਪਾਕਿਸਤਾਨੀ ਨਾਗਰਿਕ ਮੁਹੰਮਦ ਫਰਹਾਨ ਦੇ ਕਤਲ ਦਾ ਦੋਸ਼ ਸੀ। ਇਨ੍ਹਾਂ ਵਿਚ ਬਰਨਾਲਾ ਦੇ ਠੀਕਰੀਵਾਲਾ ਪਿੰਡ ਦੇ ਸਤਮਿੰਦਰ ਸਿੰਘ, ਨਵਾਂ ਸ਼ਹਿਰ ਤੋਂ ਚੰਦਰ ਸ਼ੇਖ਼ਰ, ਸੰਗਰੂਰ ਦੇ ਮਲੇਰਕੋਟਲਾ ਤੋਂ ਚਮਕੌਰ ਸਿੰਘ, ਲੁਧਿਆਣਾ ਦੇ ਚੋਲੰਗ ਤੋਂ ਬਲਵਿੰਦਰ ਸਿੰਘ, ਲੁਧਿਆਣਾ ਦੇ ਧਰਮਵੀਰ ਸਿੰਘ, ਮੋਹਾਲੀ ਦੇ ਹਰਜਿੰਦਰ ਸਿੰਘ, ਅੰਮ੍ਰਿਤਸਰ ਦੇ ਮੁਧ ਪਿੰਡ ਦੇ ਤਰਸੇਮ ਸਿੰਘ,  ਗੁਰਦਾਸਪੁਰ ਦੇ ਜਗਜੀਤ ਸਿੰਘ ਅਤੇ ਤਰਨਤਾਰਨ ਦੇ ਕੁਲਦੀਪ ਸਿੰਘ ਦੇ ਨਾਮ ਸ਼ਾਮਲ ਸਨ। ਉਸ ਵੇਲੇ ਐਸ ਪੀ ਸਿੰਘ ਓਬਰਾਏ ਨੇ ਕੁੱਲ ਇਕ ਮਿਲੀਅਨ ਡਾਲਰ ਬਲੱਡ ਮਨੀ ਦੇ ਤੌਰ 'ਤੇ ਦਿਤੇ ਸਨ। 

ਉਨ੍ਹਾਂ ਦਸਿਆ ਕਿ ਜਿਨ੍ਹਾਂ ਪਾਕਿਸਤਾਨੀ ਨੌਜਵਾਨਾਂ ਦਾ ਕਤਲ ਹੋਇਆ ਸੀ, ਉਨ੍ਹਾਂ ਦੇ ਵਾਰਸਾਂ ਨੂੰ ਸਾਊਦੀ ਅਰਬ ਦੀ ਅਦਾਲਤ ਵਿਚ ਜਾ ਕੇ ਆਪਣੇ ਮੁਆਫ਼ੀਨਾਮੇ ਦੀ ਪੁਸ਼ਟੀ ਕਰਨੀ ਹੁੰਦੀ ਹੈ ਤਾਂ ਇਸ ਪ੍ਰਕਿਰਿਆ ਦੌਰਾਨ ਕਾਫ਼ੀ ਖ਼ਰਚ ਹੁੰਦੇ ਹਨ। ਐਸ.ਪੀ. ਸਿੰਘ ਓਬਰਾਏ ਦੀ ਸਰਬੱਤ ਦਾ ਭਲਾ ਟਰੱਸਟ ਪਿਛਲੇ ਲੰਮੇ ਸਮੇਂ ਤੋਂ ਇਸੇ ਕਾਰਜ ਵਿਚ ਰੁੱਝਿਆ ਹੋਇਆ ਹੈ। ਓਬਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਕੋਈ ਨੌਕਰੀ ਕਰਨ ਖਾੜੀ ਮੁਲਕਾਂ ਵਿਚ ਜਾਣਾ ਚਾਹੁੰਦਾ ਹੈ, ਉਹ ਸਾਡੇ ਦਫ਼ਤਰ ਵਿਚ ਵੀਜ਼ਾ ਤੇ ਕੰਪਨੀ ਦੀ ਜਾਣਕਾਰੀ ਦੇਵੇ ਅਸੀਂ ਜਾਂਚ ਕਰਕੇ ਦੱਸਾਂਗੇ ਕਿ ਕੰਪਨੀ ਸਹੀ ਹੈ ਜਾਂ ਨਹੀਂ।

ਕਈ ਵਾਰ ਕੰਪਨੀਆਂ ਦੀ ਧੋਖਾਧੜੀ ਵਿਚ ਆ ਕੇ ਬਹੁਤ ਸਾਰੇ ਨੌਜਵਾਨ ਵਿਦੇਸ਼ ਵਿਚ ਜਾ ਕੇ ਫਸ ਜਾਂਦੇ ਹਨ ਅਤੇ ਫਿਰ ਉਨ੍ਹਾਂ ਦਾ ਨਿਕਲਣਾ ਔਖਾ ਹੋ ਜਾਂਦਾ ਹੈ। ਓਬਰਾਏ ਨੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਸੀ ਅਤੇ ਕਾਨੂੰਨ ਦੁਆਰਾ ਮੁਹੱਈਆ ਕਰਵਾਏ ਗਏ ਬਲੱਡ ਮਨੀ ਨੂੰ ਸਵੀਕਾਰ ਕਰਨ ਲਈ ਉਨ੍ਹਾਂ ਨੂੰ ਮਨਾਉਣ ਲਈ ਗੱਲਬਾਤ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਸਰਬੱਤ ਦੇ ਭੱਲਾ ਟਰੱਸਟ ਨੇ ਬਲੱਡ ਮਨੀ ਦੇ ਰੂਪ ਵਿਚ  ਇਕ ਵੱਡੀ ਰਕਮ ਅਦਾ ਕਰਨ ਦੀ ਗੱਲ ਆਖੀ ਅਤੇ ਸੰਯੁਕਤ ਅਰਬ ਅਮੀਰਾਤ ਦੀ ਅਦਾਲਤ ਨੇ ਸਮਝੌਤੇ ਨੂੰ ਸਵੀਕਾਰ ਕਰ ਲਿਆ। ਇਸ ਦੇ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਛੱਡਿਆ ਗਿਆ ਸੀ। 

ਦਸ ਦਈਏ ਕਿ ਓਬਰਾਏ ਨੇ ਹੁਣ ਤਕ 93 ਭਾਰਤੀਆਂ ਨੂੰ ਕਰੀਬ 20 ਕਰੋੜ ਰੁਪਏ ਬਲੱਡ ਮਨੀ ਦੇ ਕੇ ਬਚਾਇਆ ਹੈ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬ ਤੋਂ ਹਨ ਜੋ ਯੂ.ਏ.ਈ. ਵਿਚ ਫਾਂਸੀ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਟਰੱਸਟ ਦੇ ਸਾਰੇ ਜ਼ਿਲ੍ਹਿਆਂ ਵਿਚ ਦਫ਼ਤਰ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਨੌਜਵਾਨ ਕਰਜ਼ਾ ਲੈਣ ਤੋਂ ਬਾਅਦ ਉੱਥੇ ਪਹੁੰਚਦੇ ਹਨ ਅਤੇ ਬਹੁਤ ਸਾਰੇ ਓਨਾ ਪੈਸਾ ਕਮਾ ਨਹੀਂ ਪਾਉਂਦੇ ਪਰ ਕਰਜ਼ੇ ਦਾ ਪੈਸਾ ਵਾਪਸ ਕਰਨ ਲਈ ਕੁਰਾਹੇ ਪੈ ਜਾਂਦੇ ਹਨ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਦੇ ਗੰਭੀਰ ਚੱਕਰ ਵਿਚ ਫਸ ਜਾਂਦੇ ਹਨ। ਉਹਨਾਂ ਨੂੰ ਉੱਥੇ ਕਿਸੇ ਵੀ ਤਰ੍ਹਾਂ ਦੀਆਂ ਗ਼ੈਰ ਕਾਨੂੰਨੀ ਗਤੀਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਰੁਜ਼ਗਾਰ ਦੇ ਸਹੀ ਵੀਜ਼ੇ 'ਤੇ ਹੀ ਵਿਦੇਸ਼ ਜਾਣਾ ਚਾਹੀਦਾ ਹੈ।