ਭਾਰਤ ਨੂੰ ਮਿਲੀ ਕੋਰੋਨਾ ਦੀ ਇਕ ਹੋਰ ਦਵਾਈ, ਟੈਬਲੇਟ ਤੋਂ ਬਾਅਦ ਹੁਣ ਆਇਆ ਇੰਜੈਕਸ਼ਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨਾਲ ਜੰਗ ਵਿਚ ਜੁਟੀਆਂ ਭਾਰਤੀ ਦਵਾ ਕੰਪਨੀਆਂ ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ।

Corona Vaccine

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਜੰਗ ਵਿਚ ਜੁਟੀਆਂ ਭਾਰਤੀ ਦਵਾ ਕੰਪਨੀਆਂ ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ। ਭਾਰਤ ਵਿਚ ਕੋਰੋਨਾ ਵਾਇਰਸ ਦੀ ਇਕ ਹੋਰ ਦਵਾਈ ਨੂੰ ਮਨਜ਼ੂਰੀ ਮਿਲ ਗਈ ਹੈ। ਦਵਾਈ ਬਣਾਉਣ ਵਾਲੀ ਕੰਪਨੀ ਹੇਟੇਰੋ ਦਾ ਕਹਿਣਾ ਹੈ ਕਿ ਉਹ ਕੋਵਿਡ-19 ਦੇ ਇਲਾਜ ਲਈ ਇਨਵੈਸਟੀਗੇਸ਼ਨਲ ਐਂਟੀਵਾਇਰਲ ਡਰੱਗ ਰੇਮਡੇਸਿਵੀਰ ਨੂੰ ਲਾਂਚ ਕਰਨ ਜਾ ਰਹੀ ਹੈ।

ਕੰਪਨੀ ਪਹਿਲਾਂ ਹੀ ਡਰੱਗ ਕੰਟਰੋਲ ਜਨਰਲ ਆਫ ਇੰਡੀਆ ਕੋਲੋਂ ਮਨਜ਼ੂਰੀ ਲੈ ਚੁੱਕੀ ਹੈ। ਦਵਾਈ ਭਾਰਤ ਵਿਚ ਕੋਵੀਫਾਰ ਦੇ ਨਾਂਅ ਨਾਲ ਵੇਚੀ ਜਾਵੇਗੀ। ਕੋਰੋਨਾ ਵਾਇਰਸ ਮਹਾਮਾਰੀ ਲਈ ਰਾਮਬਾਣ ਦੱਸਿਆ ਜਾ ਰਿਹਾ ਰੇਮਡੇਸਿਵੀਰ ਵੀ ਇਸ ਮਹੀਨੇ ਦੇ ਅੰਤ ਤੱਕ ਭਾਰਤ ਵਿਚ ਪਹੁੰਚ ਜਾਵੇਗਾ।

ਭਾਰਤੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਹਾਲ ਹੀ ਵਿਚ ਕੋਰੋਨਾ ਮਰੀਜਾਂ ਲਈ ਐਮਰਜੈਂਸੀ ਕੇਸ ਵਿਚ ਇਸ ਦਵਾਈ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਡੀਜੀਸੀਆਈ ਨੇ ਭਾਰਤੀ ਦਵਾ ਕੰਪਨੀ ਸਿਪਲਾ ਅਤੇ ਹੇਟੇਰੋ ਨੂੰ ਇਸ ਨੂੰ ਬਣਾਉਣ ਅਤੇ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਕੰਪਨੀ ਮੁਤਾਬਕ ਡੀਜੀਸੀਆਈ ਨੇ ਇਸ ਦਵਾਈ ਨੂੰ ਕੋਰੋਨਾ ਦੇ ਸ਼ੱਕੀ ਅਤੇ ਪਾਜ਼ੇਟਿਵ ਦੋਵੇਂ ਤਰ੍ਹਾਂ ਦੇ ਮਰੀਜਾਂ ਦੇ ਇਲ਼ਾਜ ਵਿਚ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਹਾਲਾਂਕਿ ਇਹ ਇੰਜੈਕਸ਼ਨ ਸਿਰਫ ਉਹਨਾਂ ਹੀ ਮਰੀਜਾਂ ਨੂੰ ਦਿੱਤਾ ਜਾ ਸਕਦਾ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਹੇਟੇਰੋ ਦਾ ਦਾਅਵਾ ਹੈ ਕਿ ਉਹ ਪੂਰੇ ਦੇਸ਼ ਨੂੰ ਤੁਰੰਤ ਦਵਾਈ ਉਪਲਬਧ ਕਰਵਾਉਣ ਲਈ ਤਿਆਰ ਹੈ। ਕੰਪਨੀ ਦਾ ਕਹਿਣਾ ਹੈ ਕਿ ਕੋਵੀਫਾਰ ਇੰਜੈਕਸ਼ਨ 100mg ਦੇ ਵਾਇਲ ਵਿਚ ਬਜ਼ਾਰ ਵਿਚ ਮਿਲੇਗਾ।  ਕੇਂਦਰੀ ਸਿਹਤ ਮੰਤਰਾਲੇ ਨੇ ਆਪਣੇ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਵਿਚ ਕਿਹਾ ਹੈ ਕਿ ਇਹ ਇੰਜੈਕਸ਼ਨ ਸਿਰਫ ਉਹਨਾਂ ਲਈ ਹਨ ਜੋ ਆਕਸੀਜਨ ‘ਤੇ ਹਨ।

ਇਹ ਦਵਾਈ ਸਿਰਫ ਐਮਰਜੈਂਸੀ ਦਵਾਈ ਵਜੋਂ ਸ਼ਾਮਲ ਕੀਤੀ ਗਈ ਹੈ। ਇਹ ਇੰਜੈਕਸ਼ਨ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਨਹੀਂ ਦਿੱਤੇ ਜਾ ਸਕਦੇ। ਗਰਭਵਤੀ ਔਰਤਾਂ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਇਸ ਦਵਾਈ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ।

ਹੇਟੇਰੋ ਅਤੇ ਸਿਪਲਾ ਤੋਂ ਇਲਾਵਾ ਚਾਰ ਹੋਰ ਫਾਰਮਾ ਕੰਪਨੀਆਂ ਬੀਡੀਆਰ, ਜੁਬੀਲੇਂਟ, ਮਾਈਲਾਨ ਅਤੇ ਡੀਆਰ ਰੇਡੀਜ਼ ਲੈਬਸ ਨੇ ਵੀ ਭਰਤ ਵਿਚ ਇਸ ਇੰਜੈਕਸ਼ਨ ਦੇ ਨਿਰਮਾਣ ਅਤੇ ਮਾਰਕੀਟਿੰਗ ਦੀ ਮਨਜ਼ੂਰੀ ਮੰਗੀ ਹੈ ਅਤੇ ਸਾਰੀਆਂ ਕੰਪਨੀਆਂ ਭਾਰਤ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਦਾ ਇੰਤਜ਼ਾਰ ਕਰ ਰਹੀਆਂ ਹਨ।