ਮੌਸਮ ਦਾ ਹਾਲ! 24 ਘੰਟਿਆਂ ‘ਚ ਦਿੱਲੀ ਪਹੁੰਚੇਗਾ ਮਾਨਸੂਨ, ਕਈ ਸੂਬਿਆਂ ਵਿਚ ਭਾਰੀ ਬਾਰਿਸ਼ ਦਾ ਅਲਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਨਸੂਨ ਅਪਣੀ ਰਫ਼ਤਾਰ ਨਾਲ ਉੱਤਰ ਭਾਰਤ ਵੱਲ ਅੱਗੇ ਵਧ ਰਿਹਾ ਹੈ।

Rain

ਨਵੀਂ ਦਿੱਲੀ: ਮਾਨਸੂਨ ਅਪਣੀ ਰਫ਼ਤਾਰ ਨਾਲ ਉੱਤਰ ਭਾਰਤ ਵੱਲ ਅੱਗੇ ਵਧ ਰਿਹਾ ਹੈ। ਦਿੱਲੀ ਸਮੇਤ ਉੱਤਰ ਭਾਰਤ ਵਿਚ ਇਸ ਦੇ ਪਹਿਲਾਂ ਪਹੁੰਚਣ ਦੀ ਪੂਰੀ ਸੰਭਾਵਨਾ ਹੈ। ਪੰਜਾਬ ਤੋਂ ਲੈ ਕੇ ਉੱਤਰ ਪੂਰਬੀ ਬੰਗਾਲ ਦੀ ਖਾੜੀ ਤੱਕ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਸੋਮਵਾਰ ਨੂੰ ਹਲਕੀ ਬਾਰਿਸ਼ ਦਰਜ ਕੀਤੀ ਗਈ ਅਤੇ ਕੁਝ ਦਿਨਾਂ ਵਿਚ ਬਾਰਿਸ਼ ਵਿਚ ਵਾਧਾ ਹੋਣ ਦੀ ਉਮੀਦ ਹੈ।

ਇਸ ਬਾਰਿਸ਼ ਨੇ ਮਾਨਸੂਨ ਦੇ ਜਲਦ ਪਹੁੰਚਣ ਦੇ ਸੰਕੇਤ ਦਿੱਤੇ ਹਨ। ਮੌਸਮ ਵਿਭਾਗ ਅਨੁਸਾਰ ਦੱਖਣ ਪੱਛਮੀ ਮਾਨਸੂਨ ਦੇ 24-25 ਜੂਨ ਤੱਕ ਇੱਥੇ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਾਰਿਸ਼ ਉੱਤਰ ਪੰਜਾਬ ਤੋਂ ਲੈ ਕੇ ਉੱਤਰ ਪੂਰਬੀ ਬੰਗਾਲ ਦੀ ਖਾੜੀ ਤੱਕ ਬਣੇ ਘੱਟ ਦਬਾਅ ਦਾ ਨਤੀਜਾ ਹੈ।

ਇਹ ਘੱਟ ਦਬਾਅ ਦਾ ਖੇਤਰ ਹਰਿਆਣਾ, ਦੱਖਣੀ ਉਤਰ ਪ੍ਰਦੇਸ਼, ਝਾਰਖੰਡ ਅਤੇ ਉੱਤਰੀ ਤੱਟੀ ਓਡੀਸ਼ਾ ‘ਤੇ ਬਣਿਆ ਹੋਇਆ ਹੈ ਅਤੇ ਦੋ-ਤਿੰਨ ਦਿਨਾਂ ਤੱਕ ਤਾਪਮਾਨ ਵਿਚ ਜ਼ਿਕਰਯੋਗ ਵਾਧੇ ਦੀ ਉਮੀਦ ਨਹੀਂ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਅਗਲੇ 24 ਘੰਟਿਆਂ ਵਿਚ ਮਾਨਸੂਨ ਦੇ ਸਰਗਰਮ ਹੋਣ ਲਈ ਅਨੁਕੂਲ ਹਾਲਾਤ ਬਣੇ ਰਹੇ ਹਨ।

ਉੱਥੇ ਹੀ ਉੱਤਰ ਪ੍ਰਦੇਸ਼ ਦੇ ਬਾਕੀ ਇਲਾਕਿਆਂ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਵੀ ਅਗਲੇ 24 ਘੰਟਿਆਂ ਵਿਚ ਮਾਨਸੂਨ ਪਹੁੰਚ ਸਕਦਾ ਹੈ। ਸਕਾਈਮੇਟ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਦੱਖਣ-ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ ਅਤੇ ਝਾਰਖੰਡ ਦੇ ਕੁਝ ਹਿੱਸਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

ਉੱਥੇ ਹੀ ਕੇਰਲ, ਕਰਨਾਟਕ ਅਤੇ ਗੋਆ ਵਿਚ ਵੀ ਕਈ ਥਾਵਾਂ ‘ਤੇ ਬਾਰਿਸ਼ ਜਾਰੀ ਰਹਿ ਸਕਦੀ ਹੈ। ਜਦਕਿ ਤੇਲੰਗਾਨਾ, ਆਂਧਰਾ ਪ੍ਰਦੇਸ਼, ਮੁੰਬਈ ਸਮੇਤ ਮਹਾਰਾਸ਼ਟਰ ਦੇ ਤੱਟੀ ਖੇਤਰਾਂ ਅਤੇ ਗੁਜਰਾਤ ਵਿਚ ਕੁਝ ਸਥਾਨਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਦੱਸ ਦਈਏ ਕਿ ਹਰਿਆਣਾ ਅਤੇ ਪੰਜਾਬ ਵਿਚ ਸੋਮਵਾਰ ਨੂੰ ਆਮ ਨਾਲੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ।

ਰਾਜਧਾਨੀ ਚੰਡੀਗੜ੍ਹ ਵਿਚ ਸੋਮਵਾਰ ਨੂੰ ਤਾਪਮਾਨ 34.5 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ 3 ਡਿਗਰੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿਚ ਬਰਿਸ਼ ਹੋ ਸਕਦੀ ਹੈ ਜਦਕਿ ਬੁੱਧਵਾਰ ਅਤੇ ਵੀਰਵਾਰ ਨੂੰ ਜ਼ਿਆਦਾਤਰ ਇਲਾਕਿਆਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।