ਤੁਸੀਂ ਵਿਆਹ ਕਰੋ, ਅਸੀਂ ਬਰਾਤ ਚਲੀਏ : ਲਾਲੂ ਪ੍ਰਸਾਦ ਯਾਦਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਹੁਣ ਮੈਂ ਪੂਰੀ ਤਰ੍ਹਾਂ ਫਿਟ ਹੋ ਗਿਆ ਹਾਂ, ਹੁਣ ਚੰਗੀ ਤਰ੍ਹਾਂ ‘ਫਿਟ’ ਕਰਨਾ ਹੈ ਨਰਿੰਦਰ ਮੋਦੀ ਨੂੰ

Rahul Gandhi and Lalu Prasad yadav (file pic)

ਪਟਨਾ: ਬਿਹਾਰ ਦੇ ਪਟਨਾ ’ਚ ਵਿਰੋਧੀ ਪਾਰਟੀਆਂ ਦੀ ਬੈਠਕ ਦੌਰਾਨ ਅੱਜ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਲਾਲੂ ਪ੍ਰਸਾਦ ਇਕ ਵਾਰੀ ਫਿਰ ਅਪਣੇ ਪੁਰਾਣੇ ਮਜ਼ਾਕੀਆ ਅੰਦਾਜ਼ ’ਚ ਦਿਸੇ। ਮਜ਼ਾਕ ਕਰਨ ਦੀ ਅਪਣੀ ਆਦਤ ਅਨੁਸਾਰ ਅੱਜ ਉਨ੍ਹਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਕਿ ‘ਤੁਸੀਂ ਵਿਆਹ ਕਰੋ, ਅਸੀਂ ਬਰਾਤ ਚਲੀਏ’।

 ਇਸ ਦੇ ਜਵਾਬ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਕਿਹਾ ਕਿ ‘ਤੁਸੀਂ ਕਹਿ ਦਿਤਾ ਤਾਂ ਵਿਆਹ ਹੋ ਜਾਵੇਗਾ।’ ਲਾਲੂ ਨੇ ਰਾਹੁਲ ਗਾਂਧੀ ਦੀ ਦਾੜ੍ਹੀ ਵਲ ਇਸ਼ਾਰਾ ਕਰਦਿਆਂ ਕਿਹਾ, ‘‘ਤੁਸੀਂ ਘੁੰਮਣ ਲੱਗੇ ਤਾਂ ਦਾੜ੍ਹੀ ਵਧਾ ਲਈ। ਪਰ ਇਸ ਤੋਂ ਵੱਡੀ ਨਾ ਕਰਿਉ।’’

ਇਹ ਵੀ ਪੜ੍ਹੋ: ਉਡੀਸਾ ਰੇਲ ਹਾਦਸਾ : ਰੇਲਵੇ ਸਟੇਸ਼ਨਾਂ ਦੇ ਕਮਰਿਆਂ ਅੰਦਰ ਸੀ.ਸੀ.ਟੀ.ਵੀ. ਨਿਗਰਾਨੀ ਦਾ ਸੁਝਾਅ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਤੁਸੀਂ ਸਾਡੀ ਸਲਾਹ ਨਹੀਂ ਮੰਨੇ। ਵਿਆਹ ਨਹੀਂ ਕੀਤਾ। ਅਜੇ ਸਮਾਂ ਨਹੀਂ ਬੀਤਿਆ ਹੈ। ਤੁਸੀਂ ਵਿਆਹ ਕਰੋ, ਅਸੀਂ ਲੋਕ ਬਰਾਤ ਚਲੀਏ।’’ ਉਨ੍ਹਾਂ ਅੱਗੇ ਕਿਹਾ, ‘‘ਤੁਹਾਡੀ ਮੰਮੀ (ਸੋਨੀਆ ਗਾਂਧੀ) ਬੋਲਦੀ ਸੀ ਕਿ ਸਾਡੀ ਗੱਲ ਨਹੀਂ ਮੰਨਦਾ।’’ ਲਾਲੂ ਪ੍ਰਸਾਦ ਦੇ ਇਸ ਮਖੌਲੀਆ ਅੰਦਾਜ਼ ’ਤੇ ਉੱਥੇ ਮੌਜੂਦ ਸਾਰੇ ਆਗੂ ਹੱਸਣ ਲੱਗੇ।

 
ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਬਾਅਦ ਲਾਲੂ ਪ੍ਰਸਾਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਤਾਰੀਫ਼ ਵੀ ਕੀਤੀ। ਲਾਲੂ ਨੇ ਅਡਾਣੀ ਮਾਮਲੇ ਨੂੰ ਲੋਕ ਸਭਾ ’ਚ ਰਾਹੁਲ ਗਾਂਧੀ ਵਲੋਂ ਚੁੱਕੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ, ‘‘ਤੁਸੀਂ ਲੋਕ ਸਭਾ ’ਚ ਚੰਗਾ ਕੰਮ ਕੀਤਾ।’’ਅਪਣੀ ਬਿਮਾਰੀ ਬਾਰੇ ਇਕ ਸਵਾਲ ’ਤੇ ਉਨ੍ਹਾਂ ਅਪਣੇ ਮਜ਼ਾਕੀਆ ਅੰਦਾਜ਼ ’ਚ ਮੀਡੀਆ ਨੂੰ ਕਿਹਾ, ‘‘ਹੁਣ ਮੈਂ ਪੂਰੀ ਤਰ੍ਹਾਂ ਫਿਟ ਹੋ ਗਿਆ ਹਾਂ। ਹੁਣ ਚੰਗੀ ਤਰ੍ਹਾਂ ‘ਫਿਟ’ ਕਰਨਾ ਹੈ ਨਰਿੰਦਰ ਮੋਦੀ ਨੂੰ।’’