ਚਸ਼ਮਦੀਦ ਗਵਾਹ ਨਾ ਹੋਣ 'ਤੇ ਜੁਰਮ ਦੀ ਮਨਸ਼ਾ ਸਾਬਤ ਕਰਨਾ ਜ਼ਰੂਰੀ : ਸੁਪ੍ਰੀਮ ਕੋਰਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਤਲ ਕੇਸ 'ਚ ਉਮਰ ਕੈਦ ਭੁਗਤ ਰਹੇ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ 

representational Image

ਨਵੀਂ ਦਿੱਲੀ : ਸੁਪਰੀਮ ਕੋਰਟ ਨੇ 2008 ਦੇ ਇਕ ਕਤਲ ਕੇਸ ਵਿਚ ਦੋਸ਼ੀ ਠਹਿਰਾਏ ਗਏ ਇਕ ਵਿਅਕਤੀ ਨੂੰ ਬਰੀ ਕਰਦਿਆਂ ਕਿਹਾ ਹੈ ਕਿ ਜੇਕਰ ਘਟਨਾ ਦਾ ਕੋਈ ਚਸ਼ਮਦੀਦ ਗਵਾਹ ਨਾ ਹੋਵੇ ਤਾਂ ਇਸਤਗਾਸਾ ਪੱਖ ਨੂੰ ਅਪਰਾਧ ਕਰਨ ਦੇ ਇਰਾਦੇ ਨੂੰ ਸਾਬਤ ਕਰਨਾ ਲਾਜ਼ਮੀ ਹੈ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਨੇ ਨੋਟ ਕੀਤਾ ਕਿ ਮਾਮਲੇ ਦੇ ਸਾਰੇ ਗਵਾਹਾਂ ਨੇ ਕਿਹਾ ਹੈ ਕਿ ਪਟੀਸ਼ਨਕਰਤਾ ਅਤੇ ਮ੍ਰਿਤਕ ਵਿਚਕਾਰ ਕੋਈ ਦੁਸ਼ਮਣੀ ਨਹੀਂ ਸੀ।

ਬੈਂਚ ਨੇ ਕਿਹਾ, ਜੇਕਰ ਕੇਸ ਵਿਚ ਕੋਈ ਗਵਾਹ ਨਹੀਂ ਹੈ ਤਾਂ ਇਸਤਗਾਸਾ ਪੱਖ ਨੂੰ ਜੁਰਮ ਦੀ ਮਨਸ਼ਾ ਸਾਬਤ ਕਰਨੀ ਹੋਵੇਗੀ। ਸਿੱਧੇ ਕੇਸ ਵਿਚ ਇਰਾਦਾ ਇੱਕ ਮਹੱਤਵਪੂਰਨ ਭੂਮਿਕਾ ਨਹੀਂ ਨਿਭਾਉਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਰਾਦਾ ਸਾਬਤ ਨਹੀਂ ਹੁੰਦਾ ਅਤੇ ਕੋਈ ਚਸ਼ਮਦੀਦ ਗਵਾਹ ਹੁੰਦਾ ਹੈ, ਤਾਂ ਇਰਾਦਾ ਆਪਣੀ ਮਹੱਤਤਾ ਗੁਆ ਸਕਦਾ ਹੈ, ਪਰ ਮੌਜੂਦਾ ਕੇਸ ਵਿਚ ਇਹ ਦੇਖਿਆ ਗਿਆ ਹੈ ਕਿ ਅਪਰਾਧ ਨੂੰ ਕਿਸੇ ਨੇ ਨਹੀਂ ਦੇਖਿਆ। ਇਸ ਵਿਚ ਇਰਾਦਾ ਅਹਿਮ ਭੂਮਿਕਾ ਨਿਭਾਉਂਦਾ ਹੈ।

ਸਿਖਰਲੀ ਅਦਾਲਤ ਛੱਤੀਸਗੜ੍ਹ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਵਾਲੇ ਵਿਅਕਤੀ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਸੀ। ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਦੀ ਪੁਸ਼ਟੀ ਕਰ ਦਿੱਤੀ ਸੀ, ਜਿਸ ਵਿਚ ਉਸ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਨੂੰ ਜੁਰਮਾਨੇ ਦੇ ਨਾਲ-ਨਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਦੇ ਇਸ ਹੁਕਮ ਨੂੰ ਚੁਨੌਤੀ ਦਿੰਦੀ ਇਕ ਪਟੀਸ਼ਨ ਸੁਪ੍ਰੀਮ ਕੋਰਟ ਵਿਚ ਦਾਇਰ ਕੀਤੀ ਗਈ ਸੀ।

ਇਹ ਵੀ ਪੜ੍ਹੋ: ਰੋਜ਼ੀ ਰੋਟੀ ਲਈ ਦੁਬਈ ਗਏ ਨੌਜਵਾਨ ਦੀ ਮੌਤ

ਸਿਖਰਲੀ ਅਦਾਲਤ ਨੇ ਕਿਹਾ ਕਿ ਮ੍ਰਿਤਕ ਦੇ ਰਿਸ਼ਤੇਦਾਰ ਦਾ ਬਿਆਨ ਭਰੋਸੇਯੋਗ ਨਹੀਂ ਹੈ ਅਤੇ ਇਸ ਦੇ ਆਧਾਰ 'ਤੇ ਦੋਸ਼ੀ ਦਾ ਫ਼ੈਸਲਾ ਨਹੀਂ ਕੀਤਾ ਜਾ ਸਕਦਾ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਪੱਸ਼ਟ ਤੌਰ 'ਤੇ ਉਹ ਇੱਕ ਸਰਪੰਚ ਤੋਂ ਪ੍ਰਭਾਵਿਤ ਸੀ, ਜਿਸ ਦੀ ਘਟਨਾ ਤੋਂ ਬਾਅਦ ਦੀ ਕਾਰਵਾਈ ਵਿਚ ਸਰਗਰਮ ਭਾਗੀਦਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 

ਅਦਾਲਤ ਨੇ ਕਿਹਾ ਕਿ ਡਾਕਟਰੀ ਸਬੂਤ ਇਸਤਗਾਸਾ ਪੱਖ ਦੇ ਕੇਸ ਦਾ ਸਮਰਥਨ ਨਹੀਂ ਕਰਦੇ ਕਿਉਂਕਿ ਹਮਲੇ ਦੇ ਹਥਿਆਰ ਨਾਲ ਮ੍ਰਿਤਕ ਨੂੰ ਸੱਟ ਨਹੀਂ ਲੱਗ ਸਕਦੀ ਸੀ, ਜਿਵੇਂ ਕਿ ਪੋਸਟਮਾਰਟਮ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ। ਬੈਂਚ ਨੇ ਕਿਹਾ ਕਿ ਇਸ ਗੱਲ ਦਾ ਕੋਈ ਇਰਾਦਾ ਨਹੀਂ ਸੀ ਕਿ ਅਪੀਲਕਰਤਾ ਅਪਣੇ ਜਾਣ-ਪਛਾਣ ਵਾਲੇ ਅਤੇ ਦੋਸਤ ਨੂੰ ਬਗ਼ੈਰ ਕਿਸੇ ਕਾਰਨ ਕਿਉਂ ਮਾਰ ਦੇਵੇਗਾ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਮ੍ਰਿਤਕ ਸ਼ਰਾਬ ਦੇ ਨਸ਼ੇ ਵਿਚ ਸੀ ਅਤੇ ਹੋ ਸਕਦਾ ਹੈ ਕਿ ਉਹ ਤਿਲਕ ਕੇ ਤਿੱਖੀ ਚੀਜ਼ 'ਤੇ ਡਿੱਗਿਆ ਹੋਵੇ, ਨਤੀਜਨ ਜੋ ਪੋਸਟਮਾਰਟਮ ਰੀਪੋਰਟ ਅਨੁਸਾਰ ਮੌਤ ਦਾ ਕਾਰਨ ਬਣਿਆ।