ਸਤੰਬਰ ਵਿਚ ਖੁੱਲ੍ਹ ਸਕਦੇ ਹਨ ਸਿਨੇਮਾ ਹਾਲ! ਜਾਣੋ Unlock-4 ਵਿਚ ਕੀ ਖੁੱਲ੍ਹੇਗਾ ਤੇ ਕੀ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

1 ਸਤੰਬਰ ਤੋਂ ਦੇਸ਼ ਵਿਚ ਅਨਲੌਕ ਪ੍ਰਕਿਰਿਆ ਦਾ ਚੌਥਾ ਪੜਾਅ ਸ਼ੁਰੂ ਹੋਣ ਵਾਲਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਹਾਲੇ ਵੀ ਲੌਕਡਾਊਨ ਜਾਂ ਵੀਕਐਂਡ ਲੌਕਡਾਊਨ ਦਾ ਦੌਰ ਜਾਰੀ ਹੈ

Cinema Hall

ਨਵੀਂ ਦਿੱਲੀ: 1 ਸਤੰਬਰ ਤੋਂ ਦੇਸ਼ ਵਿਚ ਅਨਲੌਕ ਪ੍ਰਕਿਰਿਆ ਦਾ ਚੌਥਾ ਪੜਾਅ ਸ਼ੁਰੂ ਹੋਣ ਵਾਲਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਹਾਲੇ ਵੀ ਲੌਕਡਾਊਨ ਜਾਂ ਵੀਕਐਂਡ ਲੌਕਡਾਊਨ ਦਾ ਦੌਰ ਜਾਰੀ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਹੋ ਰਹੇ ਲਗਾਤਾਰ ਵਾਧੇ ਦੇ ਬਾਵਜੂਦ ਵੀ ਸਤੰਬਰ ਤੋਂ ਕੁਝ ਹੋਰ ਖੇਤਰਾਂ ਵਿਚ ਛੋਟ ਦਿੱਤੇ ਜਾਣ ਦੀ ਸੰਭਾਵਨਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਸਮਾਜਕ ਦੂਰੀ ਅਤੇ ਹੋਰ ਨਿਯਮਾਂ ਦੇ ਨਾਲ 1 ਸਤੰਬਰ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਮਨਜ਼ੂਰੀ ਦੇ ਸਕਦੀ ਹੈ ਪਰ ਫਿਲਹਾਲ ਮਾਲ ਵਿਚ ਮਲਟੀਪਲੇਕਸ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਸੰਭਾਵਨਾ ਹੈ ਕਿ ਦਿੱਲੀ ਵਿਚ ਪਰੀਖਣ ਦੇ ਅਧਾਰ ‘ਤੇ 15 ਦਿਨ ਤੱਕ ਮੈਟਰੋ ਸੇਵਾ ਫਿਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।

ਇਸ ਦੌਰਾਨ ਇਕ ਕੋਚ ਵਿਚ ਸਿਰਫ਼ 50 ਲੋਕਾਂ ਨੂੰ ਹੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਇਸ ਵਿਚ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਕਰਮਚਾਰੀਆਂ ਨੂੰ ਹੀ ਯਾਤਰਾ ਦੀ ਮਨਜ਼ੂਰੀ ਹੋਵੇਗੀ। ਸਕੂਲ ਖੋਲ੍ਹਣ ਦੇ ਮਾਮਲੇ ਵਿਚ ਸੂਬਾ ਸਰਕਾਰਾਂ ਨੇ ਕਿਹਾ ਸੀ ਕਿ ਉਹ ਅਗਸਤ ਦੇ ਅਖੀਰ ਵਿਚ ਫੈਸਲਾ ਲੈਣਗੀਆਂ ਪਰ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੇ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਹੈ।

ਅਜਿਹੇ ਵਿਚ ਇਹ ਸੰਭਾਵਨਾ ਬਣੀ ਹੋਈ ਹੈ ਕਿ ਕੇਂਦਰ ਸਰਕਾਰ ਸਕੂਲ ਖੋਲ੍ਹਣ ਦਾ ਫੈਸਲਾ ਸੂਬਿਆਂ ਦੀਆਂ ਸਰਕਾਰਾਂ ‘ਤੇ ਕਰ ਸਕਦੀ ਹੈ। ਇਸ ਤੋਂ ਇਲਾਵਾ ਹਵਾਈ ਯਾਤਰਾ ‘ਤੇ ਵੀ ਪਾਬੰਦੀ ਜਾਰੀ ਰਹੇਗੀ ਪਰ ਮਿਸ਼ਨ ਵੰਦੇ ਭਾਰਤ ਤਹਿਤ ਉਡਾਨਾਂ ਜਾਰੀ ਰਹਿਣਗੀਆਂ।

ਦੂਜੇ ਪਾਸੇ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਹੈ ਕਿ ਲੌਕਡਾਊਨ ਵਿਚ ਢਿੱਲ ਦੀ ਮੌਜੂਦਾ ਪ੍ਰਕਿਰਿਆ ਦੌਰਾਨ ਸੂਬਿਆਂ ਵਿਚਕਾਰ ਜਾਂ ਇਕ ਸੂਬੇ ਤੋਂ ਦੂਜੇ ਸੂਬੇ ਵਿਚਕਾਰ ਵਿਅਕਤੀਆਂ ਅਤੇ ਸਮਾਨ ਦੀ ਆਵਾਜਾਈ ‘ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਹੈ।