ਅਨਲੌਕ-3: ਪੰਜਾਬ 'ਚ ਨਹੀਂ ਹਟੇਗਾ ਰਾਤ ਦਾ ਕਰਫਿਊ, ਜਿੰਮ ਤੇ ਯੋਗਾ ਸੈਂਟਰ ਖੋਲ੍ਹਣ ਦੀ ਮਿਲੀ ਇਜਾਜ਼ਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਆਹ ਸਮਾਗਮਾਂ 'ਚ 30 ਤੋਂ ਵੱਧ ਬੰਦੇ ਨਹੀਂ ਹੋ ਸਕਣਗੇ ਸ਼ਾਮਲ

Capt Amrinder Singh

ਚੰਡੀਗੜ੍ਹ : ਦੇਸ਼ ਅੰਦਰ ਲੰਮੇ ਲੌਕਡਾਊਨ ਤੋਂ ਬਾਅਦ ਮਿਲੀਆਂ ਢਿੱਲਾਂ ਬਾਅਦ ਜ਼ਿੰਦਗੀ ਮੁੜ ਪਟੜੀ 'ਤੇ ਆਉਣੀ ਸ਼ੁਰੂ ਹੋ ਗਈ ਹੈ। ਅਨਲੌਕ-1 ਅਤੇ ਅਨਲੌਕ-2 ਤੋਂ ਬਾਅਦ ਬੀਤੇ ਦਿਨੀਂ ਕੇਂਦਰ ਸਰਕਾਰ ਨੇ ਅਨਲੌਕ-3 ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ। ਇਸੇ ਤਹਿਤ ਅੱਜ ਪੰਜਾਬ ਸਰਕਾਰ ਨੇ ਵੀ ਕੁੱਝ ਨਵੀਆਂ ਹਦਾਇਤਾਂ  ਸਮੇਤ ਅਨਲੌਕ-3 ਸਬੰਧੀ ਗਾਇਲਲਾਈਨਜ਼ ਜਾਰੀ ਕੀਤੀਆਂ ਹਨ ਜੋ ਭਲਕੇ ਪਹਿਲੀ ਅਗੱਸਤ ਤੋਂ ਜਾਰੀ ਹੋ ਜਾਣਗੀਆਂ।

ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਾਂ ਮੁਤਾਬਕ ਸੂਬੇ ਅੰਦਰ ਰਾਤ ਦੇ ਕਰਫਿਊ ਨੂੰ ਫ਼ਿਲਹਾਲ ਜਾਰੀ ਰੱਖਿਆ ਗਿਆ ਹੈ। ਇਸ ਦਾ ਸਮਾਂ 11 ਤੋਂ ਸਵੇਰੇ 5 ਵਜੇ ਤਕ ਹੋਵੇਗਾ। ਇਹ ਫ਼ੈਸਲਾ ਪੰਜਾਬ ਅੰਦਰ ਕਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਕਰਫਿਊ ਦੌਰਾਨ ਗ਼ੈਰਜ਼ਰੂਰੀ ਕੰਮਾਂ ਦੀ ਇਜਾਜ਼ਤ ਨਹੀਂ ਹੋਏਗੀ।

ਪੰਜਾਬ ਸਰਕਾਰ ਨੇ ਜਿਮ ਅਤੇ ਯੋਗਾ ਸੈਂਟਰਾਂ ਨੂੰ ਵੱਡੀ ਰਾਹਤ ਦਿੰਦਿਆਂ ਜਿਮ ਤੇ ਯੋਗਾ ਸੈਂਟਰ ਖੋਲ੍ਹਣ ਦੀ ਆਗਿਆ ਦੇ ਦਿਤੀ ਹੈ। ਇਸ ਲਈ ਕੁੱਝ ਹਦਾਇਤਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਸ ਸਬੰਧੀ ਐਸਓਪੀਜ਼ ਜਾਰੀ ਕੀਤੀਆਂ ਜਾਣਗੀਆਂ ਜੋ ਕੇਂਦਰੀ ਸਿਹਤ ਮੰਤਰਾਲਾ ਕਰੇਗਾ। ਇਸ ਵਾਰ ਰੱਖੜੀਆਂ ਦੇ ਤਿਉਹਾਰ ਨੂੰ ਵੇਖਦਿਆਂ ਵੀਕੈਂਡ ਤਾਲਾਬੰਦੀ ਤੋਂ ਛੋਟ ਦੇ ਦਿਤੀ ਗਈ ਹੈ। ਇਸ ਵਾਰ ਐਤਵਾਰ ਨੂੰ ਵੀ ਦੁਕਾਨਾਂ ਖੁਲ੍ਹਣੀਆਂ ਰਹਿਣਗੀਆਂ। ਕੰਟੇਨਮੈਂਟ ਜ਼ੋਨ 'ਚ ਕਿਸੇ ਵੀ ਤਰ੍ਹਾਂ ਦੀ ਛੋਟ ਨਹੀਂ ਦਿਤੀ ਗਈ ਹੈ।

ਵਿਆਹ ਸਮਾਗਮਾਂ 'ਚ 30 ਤੋਂ ਵੱਧ ਬੰਦੇ ਸ਼ਾਮਲ ਨਹੀਂ ਹੋ ਸਕਣਗੇ। ਪਹਿਲਾਂ 50 ਬੰਦਿਆਂ ਨੂੰ ਮਨਜ਼ੂਰੀ ਦਿਤੀ ਗਈ ਸੀ ਜੋ ਕਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ 30 ਕਰ ਦਿਤੀ ਗਈ ਸੀ। ਇਸੇ ਤਰ੍ਹਾਂ ਅੰਤਿਮ ਸੰਸਕਾਰ ਵਿਚ ਵੀ ਪਹਿਲਾਂ ਵਾਂਗ ਸਿਰਫ਼ 20 ਬੰਦੇ ਹੀ ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹੇ ਰਹਿਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।