ਸੋਨੀਆ ਵਲੋਂ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦੇ ਚਰਚੇ, ਭਲਕੇ ਹੋ ਸਕਦੈ ਨਵੇਂ ਪ੍ਰਧਾਨ ਦਾ ਐਲਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਵਰਕਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ 'ਚ ਨਵੇਂ ਪ੍ਰਧਾਨ ਬਾਰੇ ਫ਼ੈਸਲਾ ਸੰਭਵ

Sonia Gandhi

ਨਵੀਂ ਦਿੱਲੀ : ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਹੋਣ ਜਾ ਰਹੇ ਹਨ। ਦਰਅਸਲ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਚੋਣ ਇਕ ਸਾਲ ਲਈ ਹੁੰਦੀ ਹੈ। ਸ੍ਰੀ ਸੋਨੀਆ ਗਾਂਧੀ ਦਾ ਕਾਰਜ ਕਾਲ 10 ਅਗੱਸਤ ਨੂੰ ਪੂਰਾ ਹੋ ਚੁੱਕਾ ਹੈ। ਸੂਤਰਾਂ ਮੁਤਾਬਕ ਪਾਰਟੀ ਅੰਦਰੋਂ ਵੀ ਪਾਰਟੀ ਪ੍ਰਧਾਨ ਦੇ ਬਦਲਾਅ ਦੀ ਮੰਗ ਉਠ ਰਹੀ ਸੀ। ਕਾਂਗਰਸ ਦੇ 20 ਤੋਂ ਵਧੇਰੇ ਆਗੂਆਂ ਨੇ ਸੋਨੀਆ ਗਾਧੀ ਵੱਲ ਚਿੱਠੀ ਲਿਖ ਕੇ ਬਦਲਾਅ ਦੀ ਮੰਗ ਕੀਤੀ ਸੀ।

ਦੂਜੇ ਪਾਸੇ ਸੋਨੀਆ ਗਾਂਧੀ ਨੇ ਇਨ੍ਹਾਂ ਆਗੂਆਂ ਨੂੰ ਕਿਹਾ ਹੈ ਕਿ ਉਨ੍ਹਾਂ ਸਾਰਿਆਂ ਨੂੰ ਮਿਲ ਕੇ ਨਵਾਂ ਪ੍ਰਧਾਨ ਲੱਭਣਾ ਚਾਹੀਦਾ ਹੈ। ਸੁਤਰਾਂ ਮੁਤਾਬਕ ਸੋਨੀਆ ਗਾਂਧੀ ਨੇ ਅਪਣੇ ਸਹਿਯੋਗੀਆਂ ਨੂੰ ਵੀ ਕਿਹਾ ਹੈ ਕਿ ਉਨ੍ਹਾਂ ਨੇ ਇਕ ਸਾਲ ਦਾ ਵਕਤ ਪੂਰਾ ਕਰ ਲਿਆ ਹੈ ਅਤੇ ਉਹ ਹੁਣ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਨਵਾਂ ਪ੍ਰਧਾਨ ਚੁਣਨਾ ਚਾਹੀਦਾ ਹੈ। ਪਾਰਟੀ ਅੰਦਰ ਸੰਗਠਨ ਪੱਧਰ ਦੇ ਬਦਲਾਅ ਦੀ ਚਰਚਾ ਵੀ ਚੱਲ ਰਹੀ ਹੈ।

ਕਾਬਲੇਗੌਰ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਇਸ ਤੋਂ ਬਾਅਦ ਸ੍ਰੀਮਤੀ ਸੋਨੀਆ ਗਾਂਧੀ ਨੂੰ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪਿਛਲੇ ਸਮੇਂ ਦੌਰਾਨ ਪਾਰਟੀ ਦੇ ਕਈ ਆਗੂ ਰਾਹੁਲ ਗਾਂਧੀ ਨੂੰ ਮੁੜ ਪਾਰਟੀ ਪ੍ਰਧਾਨ ਬਣਾਉਣ ਦੀ ਮੰਗ ਉਠਾਉਂਦੇ ਰਹੇ ਹਨ। ਜਦਕਿ ਰਾਹੁਲ ਗਾਂਧੀ ਇਸ ਤੋਂ ਇਨਕਾਰ ਕਰਦੇ ਆ ਰਹੇ ਸਨ।

ਹੁਣ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਅਹੁਦੇ ਤੋਂ ਲਾਂਭੇ ਹੋਣ ਸਬੰਧੀ ਕਹਿਣ ਬਾਅਦ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਕਿਆਸ-ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ 'ਚ ਪ੍ਰਧਾਨ ਦੀ ਚੋਣ ਸਬੰਧੀ ਚਰਚਾ ਹੋਣ ਦੀ ਸੰਭਾਵਨਾ ਹੈ।

ਮੀਟਿੰਗ 'ਚ ਦੇਸ਼ ਸਿਆਸੀ ਮਾਹੌਲ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਪਾਰਟੀ 'ਚ ਲੀਡਰਸ਼ਿਪ ਦੇ ਮੁੱਦੇ 'ਤੇ ਵੀ ਚਰਚਾ ਹੋ ਸਕਦੀ ਹੈ। ਪਾਰਟੀ ਅੰਦਰੋਂ ਪਾਰਟੀ ਦੀ ਵਾਂਗਡੋਰ ਯੁਵਾ ਆਗੂ ਹੱਥ ਸੌਂਪਣ ਦੀ ਮੰਗ ਉਠਦੀ ਰਹੀ ਹੈ, ਜਿਸ 'ਤੇ ਵਿਚਾਰ ਹੋਣਾ ਸੰਭਵ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।