ਤਬਲੀਗ਼ੀ ਜਮਾਤ ਵਿਰੁੱਧ ਪ੍ਰਾਪੇਗੰਡਾ ਦਾ ਪਰਦਾਫਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਲੀ ਦਾ ਬੱਕਰਾ ਬਣਾਏ ਗਏ ਤਬਲੀਗ਼ੀ ਜਮਾਤੀ

Tabligh jamaat

ਕੋਰੋਨਾ ਸ਼ੁਰੂ ਹੋਣ ਦੇ ਦੌਰ ਵਿਚ ਦਿੱਲੀ ਨਿਜ਼ਾਮੂਦੀਨ ਮਰਕਜ਼ ਮਾਮਲਾ ਦਾ ਸਾਰਿਆਂ ਦੇ ਚੇਤੇ ਹੀ ਹੋਵੇਗਾ ਕਿ ਕਿਵੇਂ ਕੋਰੋਨਾ ਫੈਲਾਉਣ ਦੀ ਗੱਲ ਆਖ ਕੇ ਤਬਲੀਗ਼ੀ ਜਮਾਤ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਹੁਣ ਬੰਬੇ ਹਾਈਕੋਰਟ ਦੇ ਇਕ ਫ਼ੈਸਲੇ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ।  

ਜੀ ਹਾਂ, ਬੰਬੇ ਹਾਈਕੋਰਟ ਦੀ ਔਰੰਗਾਬਾਦ ਬੈਂਚ ਨੇ 29 ਵਿਦੇਸ਼ੀ ਤਬਲੀਗ਼ੀ ਜਮਾਤ ਦੇ ਮੈਂਬਰਾਂ ਸਮੇਤ ਕਈ ਵਿਅਕਤੀਆਂ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰ ਦਿੱਤਾ। ਇਹੀ ਨਹੀਂ, ਅਦਾਲਤ ਨੇ ਇਹ ਵੀ ਆਖਿਆ ਕਿ ਇਸ ਮਾਮਲੇ ਵਿਚ ਤਬਲੀਗ਼ੀ ਜਮਾਤ ਦੇ ਵਿਦੇਸ਼ੀਆਂ ਨੂੰ 'ਬਲੀ ਦਾ ਬੱਕਰਾ' ਬਣਾਇਆ ਗਿਆ।

ਇਸ ਮਾਮਲੇ ਨੂੰ ਲੈ ਕੇ ਅਦਾਲਤ ਨੇ ਮੀਡੀਆ 'ਤੇ ਵੀ ਤਲਖ਼ ਟਿੱਪਣੀ ਕੀਤੀ ਹੈ, ਅਦਾਲਤ ਨੇ ਆਖਿਆ ਕਿ ਤਬਲੀਗ਼ੀ ਜਮਾਤੀਆਂ ਨੂੰ ਕੋਰੋਨਾ ਵਾਇਰਸ ਫੈਲਾਉਣ ਦੇ ਜ਼ਿੰਮੇਵਾਰ ਦੱਸ ਕੇ ਪ੍ਰਾਪੇਗੰਡਾ ਚਲਾਇਆ ਗਿਆ।

ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਪੁਲਿਸ ਨੇ ਵਿਦੇਸ਼ੀ ਨਾਗਰਿਕਾਂ ਤੋਂ ਇਲਾਵਾ 6 ਭਾਰਤੀਆਂ ਅਤੇ ਕਈ ਮਸਜਿਦਾਂ ਦੇ ਟਰੱਸਟੀਆਂ ਵਿਰੁੱਧ ਸ਼ਰਨ ਦੇਣ ਨੂੰ ਲੈ ਕੇ ਐਫਆਈਆਰ ਕਰਨ ਦੇ ਨਾਲ-ਨਾਲ ਮਹਾਂਮਾਰੀ ਐਕਟ, ਮਹਾਰਾਸ਼ਟਰ ਪੁਲਿਸ ਐਕਟ, ਡਿਜਾਸਟਰ ਮੈਨੇਜਮੈਂਟ ਐਕਟ ਅਤੇ ਫਾਰਨਰਜ਼ ਐਕਟ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ

ਜਸਟਿਸ ਟੀਵੀ ਨਲਾਵੜੇ ਅਤੇ ਜਸਟਿਸ ਐਮਜੀ ਸੇਵਲਿਕਰ ਦੀ ਡਿਵੀਜ਼ਨ ਬੈਂਚ ਨੇ ਆਇਵਰੀ ਕੋਸਟ, ਘਾਨਾ, ਤੰਜਾਨੀਆ, ਜਿਬੂਤੀ, ਬੈਨਿਨ ਅਤੇ ਇੰਡੋਨੇਸ਼ੀਆ ਦੇ ਅਰਜ਼ੀਕਰਤਾਵਾਂ ਦੀ ਅਪੀਲ 'ਤੇ ਇਹ ਸੁਣਵਾਈ ਕੀਤੀ।

ਮਹਾਰਾਸ਼ਟਰ ਪੁਲਿਸ ਨੇ ਇਨ੍ਹਾਂ ਦੇਸ਼ਾਂ ਤੋਂ ਆਏ ਤਬਲੀਗ਼ੀ ਜਮਾਤੀਆਂ 'ਤੇ ਲਾਕਡਾਊਨ ਦੇ ਉਲੰਘਣਾ ਦਾ ਦੋਸ਼ ਲਗਾਉਂਦਿਆਂ ਕੇਸ ਦਰਜ ਕੀਤਾ ਗਿਆ ਸੀ, ਜਦਕਿ ਇਨ੍ਹਾਂ ਲੋਕਾਂ ਨੇ ਅਪਣੀਆਂ ਅਰਜ਼ੀਆਂ ਵਿਚ ਆਖਿਆ ਕਿ ਉਹ ਕਾਨੂੰਨੀ ਤੌਰ 'ਤੇ ਵੀਜ਼ਾ ਲੈ ਕੇ ਭਾਰਤ ਆਏ ਸਨ।

ਅਤੇ ਏਅਰਪੋਰਟ 'ਤੇ ਸਕ੍ਰੀਨਿੰਗ ਵਿਚ ਨੈਗੇਟਿਵ ਪਾਏ ਜਾਣ ਤੋਂ ਬਾਅਦ ਹੀ ਉਹ ਏਅਰਪੋਰਟ ਤੋਂ ਬਾਹਰ ਆਏ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕੋਰੋਨਾ ਨਾਲ ਜੋੜ ਕੇ ਪੇਸ਼ ਕੀਤਾ ਗਿਆ ਅਤੇ ਕੇਸ ਦਰਜ ਕੀਤੇ ਗਏ। ਇਸ ਮਾਮਲੇ ਵਿਚ ਹਾਈਕੋਰਟ ਨੇ ਕਿਹਾ ਕਿ ਉਹ ਵੀ ਤੁਹਾਨੂੰ ਦੱਸਦੇ ਆਂ

ਹਾਈਕੋਰਟ ਨੇ ਕਿਹਾ ''ਭਾਰਤ ਵਿਚ ਕੋਰੋਨਾ ਦੇ ਤਾਜ਼ੇ ਅੰਕੜੇ ਦਿਖਾਉਂਦੇ ਨੇ ਕਿ ਅਰਜ਼ੀਕਰਤਾਵਾਂ ਦੇ ਵਿਰੁੱਧ ਅਜਿਹਾ ਐਕਸ਼ਨ ਨਹੀਂ ਲਿਆ ਜਾਣਾ ਚਾਹੀਦਾ ਸੀ। ਵਿਦੇਸ਼ੀਆਂ ਦੇ ਵਿਰੁੱਧ ਜੋ ਐਕਸ਼ਨ ਲਿਆ ਗਿਆ, ਉਸ ਦੀ ਨੁਕਸਾਨ ਪੂਰਤੀ ਲਈ ਸਕਰਾਤਮਕ ਕਦਮ ਉਠਾਉਣ ਦੀ ਲੋੜ ਹੈ।

ਹਾਈਕੋਰਟ ਨੇ ਇਸ ਸੁਣਵਾਈ ਦੌਰਾਨ ਉਨ੍ਹਾਂ ਕੁੱਝ ਮੀਡੀਆ ਚੈਨਲਾਂ ਨੂੰ ਵੀ ਖ਼ਰੀਆਂ ਖ਼ਰੀਆਂ ਸੁਣਾ ਦਿੱਤੀਆਂ ਜੋ ਜਮਾਤੀਆਂ ਨੂੰ ਕੋਰੋਨਾ ਨਾਲ ਜੋੜ ਕੇ ਚਟਕਾਰੇ ਵਾਲੀਆਂ ਖ਼ਬਰਾਂ ਪ੍ਰਕਾਸ਼ਤ ਕਰਦੇ ਰਹੇ।

ਹਾਈਕੋਰਟ ਨੇ ਅਖਿਆ ''ਦਿੱਲੀ ਦੇ ਮਰਕਜ਼ ਵਿਚ ਆਏ ਵਿਦੇਸ਼ੀ ਲੋਕਾਂ ਦੇ ਵਿਰੁੱਧ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਪ੍ਰਾਪੇਗੰਡਾ ਚਲਾਇਆ ਗਿਆ। ਭਾਰਤ ਵਿਚ ਫੈਲੇ ਕੋਵਿਡ-19 ਦਾ ਜ਼ਿੰਮੇਵਾਰ ਇਨ੍ਹਾਂ ਵਿਦੇਸ਼ੀ ਲੋਕਾਂ ਨੂੰ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਤਬਲੀਗ਼ੀ ਜਮਾਤ ਨੂੰ 'ਬਲੀ ਦਾ ਬੱਕਰਾ' ਬਣਾਇਆ ਗਿਆ।

ਹਾਈਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਏਆਈ ਐਮਆਈਐਮ ਦੇ ਮੁਖੀ ਅਸਦੂਦੀਨ ਓਵੈਸੀ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਅਪਣੇ ਟਵੀਟ ਵਿਚ ਕਿਹਾ ''ਇਹ ਸਹੀ ਸਮੇਂ 'ਤੇ ਦਿੱਤਾ ਗਿਆ ਫ਼ੈਸਲਾ ਹੈ। ਮੀਡੀਆ ਨੇ ਤਬਲੀਗ਼ੀ ਜਮਾਤ ਨੂੰ ਬਲੀ ਦਾ ਬੱਕਰਾ ਬਣਾਇਆ ਤਾਂਕਿ ਭਾਜਪਾ ਨੂੰ ਅਲੋਚਨਾ ਤੋਂ ਬਚਾਇਆ ਜਾ ਸਕੇ। ਇਸ ਪ੍ਰਾਪੇਗੰਡਾ ਦੀ ਵਜ੍ਹਾ ਨਾਲ ਦੇਸ਼ ਭਰ ਵਿਚ ਮੁਸਲਿਮਾਂ ਨੂੰ ਨਫ਼ਰਤ ਅਤੇ ਹਿੰਸਾ ਦਾ ਸ਼ਿਕਾਰ ਹੋਣਾ ਪਿਆ।

ਦੱਸ ਦਈਏ ਕਿ ਇਸੇ ਸਾਲ ਮਾਰਚ ਮਹੀਨੇ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਵਿਚ ਤਬਲੀਗ਼ੀ ਜਮਾਤ ਦਾ ਇਕੱਠ ਹੋਇਆ ਸੀ, ਜਿਸ ਵਿਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ ਪਰ ਬਾਅਦ ਵਿਚ ਇਸ ਜਗ੍ਹਾ ਨੂੰ ਕੋਰੋਟਾ ਵਾਇਰਸ ਦਾ ਹੌਟ ਸਪੌਟ ਦੱਸ ਦੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਬੰਬੇ ਹਾਈਕੋਰਟ ਦੇ ਇਸ ਫ਼ੈਸਲੇ ਨਾਲ ਇਸ ਮਾਮਲੇ ਦਾ ਅਸਲ ਸੱਚ ਲੋਕਾਂ ਦੇ ਸਾਹਮਣੇ ਆ ਗਿਆ।