ਹੁਣ ਨਹੀਂ ਦਿਖੇਗਾ ਲੋਕਾਂ ਦੇ ਘਰਾਂ ਵਿਚ ਪਿਆਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿੰਗਾਈ ਦੀ ਮਾਰ ਕਾਰਨ ਜਿਥੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਉਥੇ ਹੀ ਜੇਕਰ ਘਰ ਦੀ ਰਸੋਈ ਦੀ ਗੱਲ ਕਰੀਏ ..

Onion price touch Rs 60 per kg

ਨਵੀਂ ਦਿੱਲੀ : ਮਹਿੰਗਾਈ ਦੀ ਮਾਰ ਕਾਰਨ ਜਿਥੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਉਥੇ ਹੀ ਜੇਕਰ ਘਰ ਦੀ  ਰਸੋਈ ਦੀ ਗੱਲ ਕਰੀਏ ਤਾਂ ਹੁਣ ਇਹ ਵੀ ਮਹਿੰਗਾਈ ਦੀ ਮਾਰ ਹੇਠਾ ਆਉਣ ਲੱਗ ਪਈ ਹੈ। ਜੀ ਹਾਂ ਸਬਜ਼ੀ ਬਣਾਉਣ ਲਈ ਵਰਤਿਆ ਜਾਣ ਵਾਲਾ ਪਿਆਜ ਹੁਣ ਆਸਮਾਨ ਨੂੰ ਛੂਹ ਰਿਹਾ ਹੈ ਕਿਉਂਕਿ ਪਿਆਜ਼ ਦੀਆਂ ਕੀਮਤਾਂ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ ਤੇ ਪਿਛਲੇ ਇੱਕ ਹਫਤੇ ਦੀ ਗੱਲ ਕਰੀਏ ਤਾਂ ਪਿਆਜ਼ ਦੀ ਕੀਮਤ ਵਿਚ 3 ਤੋਂ 4 ਗੁਣਾ ਵਾਧਾ ਹੋਇਆ ਹੈ ਤੇ ਅੱਗੇ ਵੀ ਪਿਆਜ਼ ਦੇ ਰੇਟ ਵੱਧਣ ਦੇ ਆਸਾਰ ਹਨ। ਕਰੀਬ ਦੋ ਸਾਲ ਬਾਅਦ ਪਿਆਜ਼ ਦੇ ਭਾਅ ਪੰਜਾਬ ਦੀ ਹੋਲਸੇਲ ਮਾਰਕਿਟ 'ਚ 50 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਚੁੱਕੇ ਹਨ। ਦੋ ਦਿਨਾਂ 'ਚ ਹੀ ਪਿਆਜ਼ 10-12 ਰੁਪਏ ਮਹਿੰਗਾ ਹੋਇਆ ਹੈ।

ਰਿਟੇਲ ਮਾਰਕਿਟ 'ਚ 60 ਰੁਪਏ ਕਿੱਲੋ ਪਿਆਜ਼ ਵਿੱਕ ਰਿਹਾ ਹੈ। ਭਾਅ ਵਧਣ ਦੀ ਮੁੱਖ ਵਜ੍ਹਾ ਮਾਰਕੀਟ 'ਚ ਨਵੀਂ ਫ਼ਸਲ ਦਾ ਨਾ ਆਉਣਾ ਹੈ। ਦਿੱਲੀ ਦੀ ਅਨਾਜ਼ ਮੰਡੀ ਵਿਚ ਪਿਆਜ ਦੇ ਰੇਟ 26 ਫੀਸਦੀ ਵੱਧ ਕੇ ਚਾਰ ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਚੁੱਕੇ ਹਨ। ਜਦ ਕਿ ਦਿੱਲੀ ਦੇ ਐਨ ਸੀ ਆਰ ਖੇਤਰ ਵਿਚ ਪਿਆਜ਼ 50 ਰੁਪਏ ਤੱਕ ਲੈ ਕੇ 75 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਮੀਂਹ ਕਾਰਨ ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ 'ਚ ਪਿਆਜ਼ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹੁਣ ਤਕ ਉੱਥੇ ਬਾਰਸ਼ ਹੋ ਰਹੀ ਹੈ ਇਸੇ ਕਾਰਨ ਨਵਾਂ ਪਿਆਜ਼ ਮੰਡੀਆਂ 'ਚ ਪਹੁੰਚਿਆ ਹੀ ਨਹੀਂ। 60-70 ਫ਼ੀਸਦੀ ਫ਼ਸਲ ਖੇਤਾਂ 'ਚ ਹੀ ਖ਼ਰਾਬ ਹੋ ਚੁੱਕੀ ਹੈ। ਸਿਰਫ਼ ਨਾਸਿਕ ਤੇ ਮੱਧ ਪ੍ਰਦੇਸ਼ ਤੋਂ ਹੀ ਪਿਆਜ਼ ਆ ਰਿਹਾ ਹੈ। ਹੁਣ ਪਿਆਜ਼ ਦੀਆਂ ਕੀਮਤਾਂ ਘਟਣ ਦੀ ਉਮੀਦ ਬਹੁਤ ਘਟ ਹੈ ਤੇ  ਅਲਵਰ ਦਾ ਪਿਆਜ਼ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਪਹਿਲਾਂ ਮੰਡੀਆਂ 'ਚ ਨਹੀਂ ਆਵੇਗਾ।  

ਮਾਹਰਾਂ ਦੇ ਅਨੁਸਾਰ ਪਿਆਜ਼ ਦੀ ਸਪਲਾਈ ਬਾਜ਼ਾਰ ਵਿੱਚ ਮੰਗ ਨਾਲੋਂ ਬਹੁਤ ਘੱਟ ਹੈ, ਜਿਸ ਕਾਰਨ ਪਿਆਜ਼ ਦੀਆਂ ਕੀਮਤਾਂ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ। ਪਿਆਜ਼ ਵਪਾਰੀ ਸੰਗਠਨ ਦੇ ਮੁਖੀ ਰਾਜੇਂਦਰ ਸ਼ਰਮਾ ਨੇ ਕਿਹਾ ਕਿ ਦਿੱਲੀ ਵਿੱਚ ਪਿਆਜ਼ ਦੀ ਖਪਤ ਪ੍ਰਤੀ ਦਿਨ 3,000 ਟਨ ਹੈ, ਜਦੋਂਕਿ ਸਿਰਫ 1000 ਟਨ ਪਿਆਜ਼ ਹੀ ਮੰਡੀ ਵਿੱਚ ਪਹੁੰਚ ਰਹੀ ਹੈ। ਜੇ ਇਹ ਜਾਰੀ ਰਿਹਾ ਤਾਂ ਦੀਵਾਲੀ ਤੱਕ ਥੋਕ ਦਾ ਭਾਅ 65 ਹਜ਼ਾਰ ਰੁਪਏ ਕੁਇੰਟਲ ਤੋਂ ਅੱਠ ਹਜ਼ਾਰ ਰੁਪਏ ਕੁਇੰਟਲ ਤੱਕ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਖਪਤਕਾਰਾਂ ਨੂੰ ਇਹ 90-100 ਰੁਪਏ ਪ੍ਰਤੀ ਕਿੱਲੋ ਤੱਕ ਮਿਲੇਗਾ, ਜਿਸ ਕਾਰਨ ਪਿਆਜ਼ ਦੀ ਕੀਮਤ ਬੇਰਹਿਮੀ ਨਾਲ ਵਧ ਰਹੀ ਹੈ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਬਾਰਸ਼ ਕਾਰਨ ਪਿਆਜ਼ ਦੀ ਫਸਲ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ। ਮਹਾਰਾਸ਼ਟਰ, ਕਰਨਾਟਕ ਅਤੇ ਦੱਖਣੀ ਰਾਜਾਂ ਤੋਂ ਆਉਣ ਵਾਲੇ ਪਿਆਜ਼ ਵੀ ਸਮੇਂ ਸਿਰ ਮੰਡੀ ਨਹੀਂ ਪਹੁੰਚ ਰਹੇ, ਜਿਸ ਨਾਲ ਉਪਲਬਧਤਾ ਦਾ ਸੰਕਟ ਪੈਦਾ ਹੋ ਗਿਆ ਹੈ।  

ਪਿਆਜ ਦੇ ਰੇਟਾਂ ਵਿਚ ਆਏ ਉਛਾਲ ਤੋਂ ਅੱਜ ਆਮ ਆਦਮੀ ਪ੍ਰੇਸ਼ਾਨ ਵਿਖਾਈ ਦੇ ਰਿਹਾ ਹੈ। ਕਿਉਕਿ ਪਿਆਜ ਦੇ ਰੇਤ ਸੇਬ ਤੋਂ ਵੀ ਉਪਰ ਨਿਕਲ ਚੁੱਕੇ ਹਨ। ਇਸ ਵਾਰ ਇਹ ਕੀਮਤ ਕਿਥੇ ਤਕ ਜਾਵੇਗੀ ਇਸਦਾ ਕੋਈ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਪਰ ਜਿਸ ਤਰਾਂ ਲਗਾਤਾਰ ਪਿਆਜ ਦੀ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਉਸ ਹਿਸਾਬ ਨਾਲ ਇਸਦਾ ਆਮ ਆਦਮੀ ਦੀ ਜੇਬ ਤੇ ਬੁਰਾ ਅਸਰ ਪੈਣ ਵਾਲਾ ਹੈ ਤੇ ਲੋਕ ਪਿਆਜ ਖਾਣ ਤੋਂ ਗੁਰੇਜ ਕਰਨ ਲਗ ਪੈਣਗੇ ਕਿਉਕਿ ਜੇਕਰ ਇਹ ਵਾਧਾ ਇਸ ਤਰ੍ਹਾਂ ਨਿਰੰਤਰ ਜਾਰੀ ਰਿਹਾ ਹੈ ਤਾਂ ਉਹ ਹੁਣ ਦਿਨ ਦੂਰ ਨਹੀਂ ਜਦੋ ਲੋਕਾਂ ਦੇ ਘਰਾਂ ਵਿਚ ਤੇ ਸਬਜ਼ੀਆਂ ਵਿਚ ਪਿਆਜ ਦਿੱਖਣਾ ਹੀ ਬੰਦ ਹੋ ਜਾਵੇਗਾ ਹਾਲਾਂਕਿ ਸਰਕਾਰ ਪਿਆਜ ਦੀਆਂ ਕੀਮਤਾਂ ਨੂੰ ਘਟਾਉਣ ਲਈ ਯਤਨ ਕਰ ਰਹੀ ਹੈ ਦੇਖਣਾ ਹੋਵੇਗਾ ਕਿ ਕਦੋਂ ਤਕ ਇਸਦੀਆਂ ਕੀਮਤਾਂ ਵਿੱਚ ਘਾਟਾ ਕੀਤਾ ਜਾਂਦਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ