87 ਸਾਲਾ ਬਜ਼ੁਰਗ ਕਰ ਰਿਹਾ ਹੈ ਨੇਕ ਕੰਮ, ਸਾਈਕਲ 'ਤੇ ਜਾ ਕੇ ਕਰਦਾ ਹੈ ਲੋੜਵੰਦ ਮਰੀਜ਼ਾਂ ਦਾ ਇਲਾਜ
ਕੋਰੋਨਾ ਮਹਾਂਮਾਰੀ ਦੌਰਾਨ ਗਰੀਬ ਲੋਕਾਂ ਦਾ ਘਰ-ਘਰ ਜਾ ਕੇ ਇਲਾਜ ਕਰ ਰਹੇ ਰਾਮਚੰਦਰ ਦਾਨੇਕਰ
ਮੁੰਬਈ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੋਕਾਂ ਦੇ ਮਨਾਂ ਵਿਕ ਖੌਫ ਪੈਦਾ ਹੋ ਗਿਆ ਹੈ। ਹੌਲੀ-ਹੌਲੀ ਹਾਲਾਤ ਠੀਕ ਹੋ ਰਹੇ ਹਨ ਪਰ ਫਿਰ ਵੀ ਲੋਕ ਅਪਣੇ ਘਰਾਂ ਤੋਂ ਬਾਹਰ ਨਿਕਲਣ ਲੱਗੇ ਡਰ ਰਹੇ ਹਨ। ਇਸ ਬਿਮਾਰੀ ਦੇ ਚਲਦਿਆਂ ਕਈ ਡਾਕਟਰਾਂ ਨੇ ਵੀ ਮਰੀਜ਼ਾਂ ਨੂੰ ਦੇਖਣਾ ਘੱਟ ਕਰ ਦਿੱਤਾ ਹੈ।
ਅਜਿਹੇ ਵਿਚ ਮਹਾਰਾਸ਼ਟਰ ਦਾ ਇਕ ਬਜ਼ੁਰਗ ਡਾਕਟਰ ਗਰੀਬਾਂ ਦੀ ਮਦਦ ਲਈ ਬਹੁਤ ਨੇਕ ਕੰਮ ਕਰ ਰਿਹਾ ਹੈ। ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਬਜ਼ੁਰਗ ਡਾਕਟਰ ਦੀ ਉਮਰ 87 ਸਾਲ ਹੈ ਅਤੇ ਉਹ ਹੋਮੋਪੈਥਿਕ ਡਾਕਟਰ ਹਨ। ਕੋਰੋਨਾ ਮਹਾਂਮਾਰੀ ਦੌਰਾਨ ਉਹ ਲੋਕਾਂ ਦੇ ਘਰ ਜਾ ਕੇ ਉਹਨਾਂ ਦਾ ਇਲਾਜ ਕਰ ਰਹੇ ਹਨ।
ਇਸ ਦੌਰਾਨ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਹਰ ਰੋਜ਼ ਸਾਈਕਲ 'ਤੇ ਜਾ ਕੇ ਆਰਥਕ ਤੰਗੀ ਨਾਲ ਜੂਝ ਰਹੇ ਲੋਕਾਂ ਦਾ ਇਲਾਜ ਕਰਦੇ ਹਨ। ਦੱਸ ਦਈਏ ਕਿ ਉਹ ਪਿਛਲੇ 60 ਸਾਲਾਂ ਤੋਂ ਹਰ ਰੋਜ਼ ਇਸੇ ਤਰ੍ਹਾਂ ਸਾਈਕਲ 'ਤੇ ਜਾ ਕੇ ਲੋਕਾਂ ਦਾ ਇਲਾਜ ਕਰ ਰਹੇ ਹਨ।
ਡਾਕਟਰ ਰਾਮਚੰਦਰ ਦਾਨੇਕਰ ਦਾ ਕਹਿਣਾ ਹੈ ਕਿ ਉਹ ਲਗਭਗ ਹਰ ਰੋਜ਼ ਪਿੰਡਾਂ ਦਾ ਦੌਰਾ ਕਰਦੇ ਹਨ। ਕੋਵਿਡ-19 ਡਰ ਕਾਰਨ ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਤੋਂ ਡਰਦੇ ਹਨ ਪਰ ਮੈਨੂੰ ਇਸ ਤੋਂ ਕੋਈ ਡਰ ਨਹੀਂ ਹੈ। ਅੱਜ ਕੱਲ੍ਹ ਦੇ ਨੌਜਵਾਨ ਡਾਕਟਰ ਸਿਰਫ਼ ਪੈਸਾ ਕਮਾਉਣਾ ਚਾਹੁੰਦੇ ਹਨ ਪਰ ਗਰੀਬਾਂ ਦੀ ਸੇਵਾ ਨਹੀਂ ਕਰਨਾ ਚਾਹੁੰਦੇ।