ਬਿਹਾਰ ਚੋਣਾਂ ਵਿਚ ਅੱਜ ਹੋਵੇਗੀ ਪੀਐਮ ਮੋਦੀ ਅਤੇ ਰਾਹੁਲ ਗਾਂਧੀ ਦੀ ਐਂਟਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨਿਤਿਸ਼ ਕੁਮਾਰ ਲਈ ਅਤੇ ਰਾਹੁਲ ਗਾਂਧੀ ਤੇਜਸਵੀ ਯਾਦਵ ਲਈ ਅੱਜ ਕਰਨਗੇ ਚੋਣ ਰੈਲੀਆਂ

Narendra Modi and Rahul Gandhi will address public rallies in bihar

ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਇਸ ਦੌਰਾਨ ਕਈ ਵੱਡੇ ਨੇਤਾ ਚੋਣ ਮੁਹਿੰਮ ਵਿਚ ਜੁਟੇ ਹੋਏ ਹਨ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਲਈ ਚੋਣ ਪ੍ਰਚਾਰ ਕਰਨ ਜਾ ਰਹੇ ਹਨ। 

ਇਹਨਾਂ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਵਿਚ ਤਿੰਨ ਰੈਲੀਆਂ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਹ ਰੈਲੀਆਂ ਸਾਸਾਰਾਮ, ਗਯਾ ਤੇ ਭਾਗਲਪੁਰ ਵਿਚ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਲਗਾਤਾਰ ਜਾਰੀ ਹੈ।

ਇਸ ਦੇ ਚਲਦਿਆਂ ਅੱਜ ਕਾਂਗਰਸੀ ਆਗੂ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵੀ ਤੇਜਸਵੀ ਯਾਦਵ ਲਈ ਦੋ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਰੈਲੀਆਂ ਨੂੰ ਲੈ ਕੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਿਚ 28 ਅਕਤੂਬਰ ਨੂੰ ਪਹਿਲੇ ਪੜਾਅ ਤਹਿਤ ਚੋਣਾਂ ਹੋਣ ਜਾ ਰਹੀਆਂ ਹਨ।

ਭਾਜਪਾ ਨੇ ਚੋਣਾਂ ਲਈ ਕੇਂਦਰੀ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਆਦਿ ਸਟਾਰ ਪ੍ਰਚਾਰਕਾਂ ਨੂੰ ਚੋਣ ਪ੍ਰਚਾਰ ਲਈ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਨਿਤਿਸ਼ ਕੁਮਾਰ ਵੱਲੋਂ ਵੀ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਣ ਲਈ ਉਹ ਡਿਜੀਟਲ ਰੈਲੀਆਂ ਦਾ ਵੀ ਸਹਾਰਾ ਲੈ ਰਹੇ ਹਨ।