ਬਿਹਾਰ ਜਾ ਕੇ ਬਰਸੇ ਮੋਦੀ, 'ਮੰਡੀ ਤੇ MSP ਤਾਂ ਬਹਾਨਾ ਹੈ ਅਸਲ ਵਿਚ ਵਿਚੋਲਿਆਂ ਨੂੰ ਬਚਾਉਣਾ ਹੈ'

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣ ਰੈਲੀ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀਆਂ 'ਤੇ ਭੜਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

PM Modi

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਇਸ ਦੌਰਾਨ ਕਈ ਵੱਡੇ ਨੇਤਾ ਚੋਣ ਮੁਹਿੰਮ ਵਿਚ ਜੁਟੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਲਈ ਚੋਣ ਪ੍ਰਚਾਰ ਕਰਨ ਲਈ ਅੱਜ ਬਿਹਾਰ ਪਹੁੰਚੇ। 

ਇਸ ਦੌਰਾਨ ਅਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਵਿਰੋਧੀਆਂ 'ਤੇ ਨਿਸ਼ਾਨੇ ਬੋਲੇ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ। ਵਿਰੋਧੀਆਂ 'ਤੇ ਹਮਲਾ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਕੇ ਅੱਗੇ ਵਧ ਰਿਹਾ ਹੈ।

ਪਰ ਕਈ ਲੋਕ ਦੇਸ਼ ਦੇ ਹਰ ਸੰਕਲਪ ਦੇ ਸਾਹਮਣੇ ਰੋੜਾ ਬਣ ਕੇ ਖੜ੍ਹੇ ਹਨ। ਦੇਸ਼ ਦੇ ਕਿਸਾਨਾਂ ਨੂੰ ਵਿਚੋਲਿਆਂ ਅਤੇ ਦਲਾਲਾਂ ਤੋਂ ਮੁਕਤ ਕਰਵਾਉਣ ਦਾ ਫੈਸਲਾ ਲਿਆ ਤਾਂ ਇਹ ਵਿਚੋਲਿਆਂ ਅਤੇ ਦਲਾਲਾਂ ਦੇ ਪੱਖ ਵਿਚ ਮੈਦਾਨ 'ਚ ਆਏ। ਮੰਡੀ ਅਤੇ ਐਮਐਸਪੀ ਤਾਂ ਬਹਾਨਾ ਹੈ, ਅਸਲ ਵਿਚ ਦਲਾਲਾਂ ਅਤੇ ਵਿਚੋਲਿਆਂ ਨੂੰ ਬਚਾਉਣਾ ਹੈ।

ਇਸ ਤੋਂ ਅੱਗੇ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਕਿਸਾਨਾਂ ਦੇ ਬੈਂਕ ਖਾਤੇ ਵਿਚ ਸਿੱਧੇ ਪੈਸੇ ਦੇਣ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਵੀ ਇਹਨਾਂ ਨੇ ਲੋਕਾਂ ਵਿਚ ਅਫ਼ਵਾਹਾਂ ਫੈਲਾਈਆਂ ਸਨ। ਜਦੋਂ ਰਾਫੇਲ ਜਹਾਜ਼ ਨੂੰ ਖਰੀਦਿਆ ਗਿਆ ਤਾਂ ਉਸ ਸਮੇਂ ਵੀ ਇਹ ਵਿਚੋਲਿਆਂ ਅਤੇ ਦਲਾਲਾਂ ਦੀ ਭਾਸ਼ਾ ਬੋਲ ਰਹੇ ਸੀ।

ਨਿਤਿਸ਼ ਕੁਮਾਰ ਦੀ ਤਾਰੀਫ਼ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਜੇਕਰ ਬਿਹਾਰ ਵਿਚ ਕੋਰੋਨਾ 'ਤੇ ਕਾਬੂ ਪਾਉਣ ਲਈ ਤੇਜ਼ੀ ਨਾਲ ਕੰਮ ਨਾ ਹੋਇਆ ਹੁੰਦਾ ਤਾਂ ਇਹ ਮਹਾਂਮਾਰੀ ਕਿੰਨੇ ਲੋਕਾਂ ਦੀ ਜਾਨ ਲੈ ਲੈਂਦੀ। ਇਸ ਬਾਰੇ ਕੋਈ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।