ਰਾਹੁਲ ਗਾਂਧੀ ਨੇ ਭੀੜ ਨੂੰ ਪੁੱਛਿਆ, ਮੋਦੀ ਅਤੇ ਨਿਤਿਸ਼ ਕੁਮਾਰ ਦਾ ਭਾਸ਼ਣ ਕਿਵੇਂ ਲੱਗਿਆ?

ਏਜੰਸੀ

ਖ਼ਬਰਾਂ, ਰਾਸ਼ਟਰੀ

ਰੁਜ਼ਗਾਰ, ਚੀਨ, ਨੋਟਬੰਦੀ ਤੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੀਐਮ ਮੋਦੀ 'ਤੇ ਬਰਸੇ ਰਾਹੁਲ ਗਾਂਧੀ

Rahul Gandhi Bihar rally

ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਲਈ 28 ਅਕਤੂਬਰ ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸ ਦੌਰਾਨ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਵੱਲੋਂ ਬਿਹਾਰ ਵਿਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਰਾਹੁਲ ਗਾਂਧੀ ਨਵਾਦਾ ਦੇ ਹਿਸੂਆ ਪਹੁੰਚੇ। ਉਹਨਾਂ ਨੇ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਬੋਲੇ। ਉਹਨਾਂ ਨੇ ਅਪਣੇ ਸੰਬੋਧਨ ਵਿਚ ਨਿਤਿਸ਼ ਕੁਮਾਰ ਅਤੇ ਪੀਐਮ ਮੋਦੀ ਦੇ ਭਾਸ਼ਣ 'ਤੇ ਪ੍ਰਤੀਕਿਰਿਆ ਦਿੰਦਿਆਂ ਲੋਕਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਮੋਦੀ ਅਤੇ ਨਿਤਿਸ਼ ਕੁਮਾਰ ਦਾ ਭਾਸ਼ਣ ਕਿਵੇਂ ਦਾ ਲੱਗਿਆ?

ਉਹਨਾਂ ਕਿਹਾ ਕਿ ਸਵਾਲ ਸ਼ਹੀਦਾਂ ਸਾਹਮਣੇ ਸਿਰ ਝੁਕਾਉਣ ਦਾ ਨਹੀਂ ਹੈ ਬਲਕਿ ਸਵਾਲ ਇਹ ਹੈ ਕਿ ਜਦੋਂ ਬਿਹਾਰ ਦੇ ਨੌਜਵਾਨ ਸ਼ਹੀਦ ਹੋਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ ਅਤੇ ਕੀ ਕੀਤਾ। ਰਾਹੁਲ ਗਾਂਧੀ ਨੇ ਪੀਐਮ 'ਤੇ ਫੌਜੀਆਂ ਅਤੇ ਦੇਸ਼ਵਾਸੀਆਂ ਨੂੰ ਝੂਠ ਬੋਲਣ ਦਾ ਅਰੋਪ ਲਗਾਇਆ।

ਰਾਹੁਲ ਗਾਂਧੀ ਨੇ ਪੁੱਛਿਆ ਕਿ ਮੋਦੀ ਜੀ ਤੁਸੀਂ ਦੱਸੋ ਕਿ ਚੀਨੀ ਫੌਜੀਆਂ ਨੂੰ ਵਾਪਸ ਕਦੋਂ ਭੇਜੋਗੇ? ਉਹਨਾਂ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਮੋਦੀ ਜੀ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ, ਪਿਛਲੀਆਂ ਚੋਣਾਂ ਵਿਚ ਉਹਨਾਂ ਨੇ ਪੈਕੇਜ ਦੇਣ ਦੀ ਵੀ ਗੱਲ ਕੀਤੀ ਸੀ, ਉਹ ਮਿਲਿਆ?

ਰਾਹੁਲ ਗਾਂਧੀ ਨੇ ਜਨਤਾ ਨੂੰ ਪੁੱਛਿਆ ਕਿ ਉਹਨਾਂ ਨੂੰ ਨੋਟਬੰਦੀ ਨਾਲ ਕੀ ਫਾਇਦਾ ਹੋਇਆ? ਉਹਨਾਂ ਕਿਹਾ ਕਿ ਗਰੀਬ ਦਾ ਪੈਸਾ ਹਿੰਦੁਸਤਾਨ ਦੇ ਅਮੀਰਾਂ ਦੇ ਖਾਤੇ ਵਿਚ ਭੇਜਿਆ ਗਿਆ। ਉਹਨਾਂ ਕਿਹਾ ਕਿ ਮੋਦੀ ਅੰਬਾਨੀ ਅਤੇ ਅਡਾਨੀ ਲਈ ਰਾਸਤਾ ਸਾਫ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿਚ ਹਿੰਦੁਸਤਾਨ ਦੇ ਪੂੰਜੀਪਤੀਆਂ ਦੇ ਕੋਲ ਗਰੀਬਾਂ ਦੇ ਪੈਸੇ ਹੋਣਗੇ।

ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੌਰਾਨ ਪਰਵਾਸੀ  ਮਜ਼ਦੂਰਾਂ ਨੂੰ ਦਿੱਲੀ ਤੋਂ ਭੇਜਿਆ ਗਿਆ। ਉਹਨਾਂ ਕਿਹਾ ਕਿ ਜਦੋਂ ਮਜ਼ਦੂਰ ਪੈਦਲ ਸੜਕਾਂ 'ਤੇ ਆ ਰਹੇ ਸੀ ਤਾਂ ਮੋਦੀ ਜੀ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਰਾਹੁਲ ਗਾਂਧੀ ਨੇ ਉਮੀਦ ਜਤਾਈ ਕਿ ਇਸ ਵਾਰ ਬਿਹਾਰ ਨਰਿੰਦਰ ਮੋਦੀ ਅਤੇ ਨਿਤਿਸ਼ ਕੁਮਾਰ ਨੂੰ ਜਵਾਬ ਦੇਵੇਗਾ।