ਦਿੱਲੀ ਮੁੰਬਈ ਦੇ ਲੋਕ ਠੀਕ ਤਰ੍ਹਾਂ ਨਹੀਂ ਕਰਦੇ ਡਰਾਈਵਿੰਗ : ਸਰਵੇਖਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੜਕ ਹਾਦਸਿਆਂ ਦੌਰਾਨ ਜਿਹਨਾਂ ਦੇ ਪਰਵਾਰ ਵਿਚ ਕਿਸੇ ਦੀ ਮੌਤ ਹੋਈ ਹੈ ਉਹ ਔਸਤ ਨਾਲੋਂ 8 ਫ਼ੀ ਸਦੀ ਵਧੀਆ ਤਰੀਕੇ ਨਾਲ ਗੱਡੀ ਚਲਾਉਂਦੇ ਹਨ।

Driving

ਨਵੀਂ ਦਿੱਲੀ, ( ਭਾਸ਼ਾ) : ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਸਾਲ 2016 ਵਿਚ 2,99,091 ਭਾਰਤੀ ਲੋਕ ਸੜਕ ਹਾਦਸਿਆਂ ਦੌਰਾਨ ਮੌਤ ਦਾ ਸ਼ਿਕਾਰ ਹੋਏ ਹਨ। ਇਸ ਨੂੰ ਦੇਖਦੇ ਹੋਏ ਹੁਣ ਵਾਹਨ ਬਣਾਉਣ ਵਾਲੀ ਫੋਰਡ ਕੰਪਨੀ ਨੇ ਇਕ ਸਰਵੇਖਣ ਕੀਤਾ ਹੈ ਜਿਸ ਵਿਚ ਭਾਰਤ ਦੇ 10 ਸ਼ਹਿਰਾਂ ਵਿਚ ਲੋਕਾਂ ਦੇ ਵਾਹਨ ਚਲਾਉਣ ਦੀਆਂ ਆਦਤਾਂ ਦਾ ਅਧਿਐਨ ਕੀਤਾ ਗਿਆ। ਇਸ ਅਧਿਐਨ ਵਿਚ ਪਾਇਆ ਗਿਆ ਕਿ ਕੋਲਕਾਤਾ ਅਤੇ ਹੈਦਰਾਬਾਦ ਦੇ ਲੋਕ ਭਾਰਤ ਵਿਚ ਸੱਭ ਤੋਂ ਵਧੀਆ ਤਰੀਕੇ ਨਾਲ ਡਰਾਈਵਿੰਗ ਕਰਦੇ ਹਨ।

ਉਥੇ ਹੀ ਦਿੱਲੀ, ਮੁੰਬਈ ਦੇ ਲੋਕ ਸੱਭ ਤੋਂ ਘੱਟ ਚੰਗੇ ਤਰੀਕੇ ਨਾਲ ਗੱਡੀ ਚਲਾਉਂਦੇ ਹਨ। ਛੋਟੇ ਸ਼ਹਿਰਾਂ ਵਿਚ ਲੁਧਿਆਣਾ ਦੇ ਲੋਕ ਸੜਕਾਂ 'ਤੇ ਧਿਆਨ ਨਾਲ ਗੱਡੀਆਂ ਚਲਾਉਂਦੇ ਹਨ, ਜਦਕਿ ਇੰਦੌਰ ਦੇ ਲੋਕ ਘੱਟ ਚੰਗੀ ਤਰਾਂ ਡਰਾਈਵਿੰਗ ਕਰਦੇ ਹਨ। ਫੋਰਡ ਇੰਡੀਆ ਦੇ ਮੁਖੀ ਅਤੇ ਨਿਰਦੇਸ਼ਕ ਅਨੁਰਾਗ ਮਹਿਰੋਤਰਾ ਨੇ ਦੱਸਿਆ ਕਿ ਅਧਿਐਨ ਵਿਚ ਵਧੀਆ ਤਰੀਕੇ ਨਾਲ ਗੱਡੀਆਂ ਚਲਾਉਣ ਦੇ ਮਾਮਲੇ ਵਿਚ ਮਹਾਨਗਰਾਂ ਵਿਚ ਕੋਲਕਾਤਾ ਦੇ ਵਾਹਨ ਚਾਲਕਾਂ ਨੇ ਸੱਭ ਤੋਂ ਵੱਧ 649 ਨੰਬਰ ਹਾਸਲ ਕੀਤੇ,

ਜਦਕਿ ਹੈਦਰਾਬਾਦ ਨੇ 635, ਚੈਨੇਈ ਨੇ 491, ਬੈਂਗਲੁਰੂ ਨੇ 483, ਮੁੰਬਈ ਨੇ 471 ਅਤੇ ਦਿੱਲੀ ਵਿਚ ਵਾਹਨ ਚਾਲਕਾਂ ਨੇ ਸੱਭ ਤੋਂ ਘੱਟ 413 ਨੰਬਰ ਹਾਸਲ ਕੀਤੇ। ਇਸ ਅਧਿਐਨ ਵਿਚ ਛੋਟੇ ਸ਼ਹਿਰਾਂ ਵਿਚ ਲੁਧਿਆਣਾ ਦੇ ਵਾਹਨ ਚਾਲਕਾਂ ਨੇ 780, ਲਖਨਊ ਦੇ 737, ਪੂਣੇ ਦੇ 636 ਅਤੇ ਇੰਦੌਰ ਦੇ ਵਾਹਨ ਚਾਲਕਾਂ ਨੇ ਵਧੀਆ ਤਰੀਕੇ ਨਾਲ ਗੱਡੀ ਚਲਾਉਣ ਦੇ ਮਾਮਲੇ ਵਿਚ 588 ਨੰਬਰ ਹਾਸਲ ਕੀਤੇ। ਫੋਰਡ ਨੇ ਦੱਸਿਆ ਕਿ ਅਧਿਐਨ ਵਿਚ ਪਾਇਆ ਗਿਆ ਕਿ ਇਹ ਇਕ ਵਹਿਮ ਹੈ ਕਿ ਪੜ੍ਹੇ-ਲਿਖੇ ਭਾਰਤੀ ਵਧੀਆ ਤਰੀਕੇ ਨਾਲ ਗੱਡੀ ਚਲਾਉਂਦੇ ਹਨ,

ਕਿਉਂਕਿ ਸਰਵੇਖਣ ਦੌਰਾਨ 51 ਫ਼ੀ ਸਦੀ ਭਾਗ ਲੈਣ ਵਾਲਿਆਂ ਨੂੰ ਇਹ ਪਤਾ ਨਹੀਂ ਸੀ ਕਿ ਸੀਟ ਬੈਲਟ ਲਗਾਉਣਾ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਸੀਟ ਬੈਲਟ ਅਤੇ ਏਅਰ ਬੈਗ ਵਾਹਨ ਚਾਲਕ ਅਤੇ ਯਾਤਰੀਆਂ ਦੀ ਸੁਰੱਖਿਆ ਵਿਚ ਸੱਭ ਤੋਂ ਵੱਧ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਰਵੇਖਣ ਵਿਚ ਇਹ ਵੀ ਪਾਇਆ ਗਿਆ ਕਿ ਭਾਰਤੀ ਔਰਤਾਂ ਪੁਰਸ਼ਾਂ ਦੇ ਮੁਕਾਬਲੇ ਵਧੀਆ ਤਰੀਕੇ ਨਾਲ ਗੱਡੀ ਚਲਾਉਂਦੀਆਂ ਹਨ। ਸੜਕ ਹਾਦਸਿਆਂ ਦੌਰਾਨ ਜਿਹਨਾਂ ਦੇ ਪਰਵਾਰ ਵਿਚ ਕਿਸੇ ਦੀ ਮੌਤ ਹੋਈ ਹੈ ਉਹ ਔਸਤ ਨਾਲੋਂ 8 ਫ਼ੀ ਸਦੀ ਵਧੀਆ ਤਰੀਕੇ ਨਾਲ ਗੱਡੀ ਚਲਾਉਂਦੇ ਹਨ।