ਲੰਗਰ ਬਣਾ ਰਹੀਆਂ ਬੀਬੀਆਂ ਦਾ ਵੇਖੋ ਜੋਸ਼, ਸਿਮਰਨਜੀਤ ਗਿੱਲ ਨੇ ਸਿੰਘੂ ਬਾਰਡਰ ਪਹੁੰਚ ਕੀਤੀ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਖੇਤੀ ਕਾਨੂੰਨਾਂ ਦੀ ਵਾਪਸੀ ਤਕ ਵਾਪਸ ਨਹੀਂ ਜਾਵਾਂਗੀਆਂ, ਮੋਦੀ ਜਿੰਨਾ ਮਰਜ਼ੀ ਜੋਰ ਲਗਾ ਲਵੇ

Delhi Dharna

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਧਰਨਾ ਅੱਜ 27ਵੇਂ ਦਿਨ ਵੀ ਜਾਰੀ ਰਿਹਾ। ਸਿਮਰਨਜੀਤ ਗਿੱਲ ਸਿੰਘੂ ਬਾਰਡਰ ’ਤੇ ਧਰਨੇ ’ਚ ਲੰਗਰ ਤਿਆਰ ਰਹੀਆਂ ਬੀਬੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਬੀਬੀਆਂ ਦਾ ਜੋਸ਼ ਅਤੇ ਜਜ਼ਬਾ ਵੇਖਣ ਵਾਲਾ ਸੀ। ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਇੱਥੇ ਹੀ ਡਟੇ ਰਹਿਣ ਦਾ ਅਹਿਦ ਕਰਦਿਆਂ ਬੀਬੀਆਂ ਨੇ ਕਿਹਾ ਕਿ ਉਨ੍ਹਾਂ ਦਾ ਹੁਣ ਘਰ ਜਾ ਕੇ ਜੀਅ ਨਹੀਂ ਲੱਗਦਾ ਅਤੇ ਇਕ-ਦੋ ਦਿਨਾਂ ਬਾਅਦ ਮੁੜ ਵਾਪਸ ਆ ਜਾਂਦੀਆਂ ਹਨ। 

ਬੀਬੀਆਂ ਨੇ ਕਿਹਾ ਕਿ ਉਨ੍ਹਾਂ ਨੇ ਇੱਥੇ ਕੋਈ ਦਿੱਕਤ ਨਹੀਂ ਹੈ ਅਤੇ ਉਹ ਖੁਸ਼ਵਗਾਹ ਮਾਹੌਲ ਵਿਚ ਲੰਗਰ ਦੀ ਸੇਵਾ ਕਰਦੀਆਂ ਹਨ। ਇੱਥੇ ਹਰਿਆਣਾ ਤੋਂ ਪਹੁੰਚੀਆਂ ਬੀਬੀਆਂ ਨੇ ਕਿਹਾ ਕਿ ਉਹ ਮੋਦੀ ਦਾ ਸ਼ੁਕਰਗੁਜਾਰ ਵੀ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਧਰਨਿਆਂ ’ਚ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਇਕ ਦੂਜੇ  ਨਾਲ ਮਿਲ ਕੇ ਰਹਿਣ ਅਤੇ ਖਾਣ ਪੀਣ ਦਾ ਮੌਕਾ ਮਿਲਿਆ ਹੈ।

ਧਰਨੇ ਵਿਚ ਸ਼ਾਮਲ ਸੇਵਾਦਾਰਾਂ ਨੇ ਪਿੰਡਾਂ ਵਿਚੋਂ ਆ ਰਹੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਇੱਥੇ ਰਾਸ਼ਨ, ਸਬਜ਼ੀਆਂ ਅਤੇ ਲੱਕੜਾਂ ਆਦਿ ਦੀ ਬਹੁਤਾਤ ਹੋ ਗਈ ਹੈ ਅਤੇ ਹੁਣ ਆਉਣ ਵਾਲੇ ਸੱਜਣ ਇਕ-ਦੋ ਦਿਨ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਨਾ ਆਉਣ। ਧਰਨੇ ’ਚ ਬਜ਼ੁਰਗਾਂ ਨੇ ਪਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਤੁਸੀਂ ਜਿੰਨੀ ਮਰਜ਼ੀ ਜ਼ੋਰ ਲਾ ਲਵੋ ਪਰ ਅਸੀਂ ਕਾਨੂੰਨ ਵਾਪਸ ਲੈ ਕੇ ਹੀ ਵਾਪਸ ਪਰਤਾਂਗੇ। 

ਬਜ਼ੁਰਗਾਂ ਨੇ ਨੌਜਵਾਨਾਂ ਨੂੰ ਰਾਤਾਂ ਨੂੰ ਟਰੈਕਟਰਾਂ ’ਤੇ ਡੈਕ ਲਗਾ ਕੇ ਨਾ ਘੁੰਮਣ ਦੀ ਅਪੀਲ ਕੀਤੀ ਹੈ। ਬਜ਼ੁਰਗਾਂ ਨੇ ਨੌਜਵਾਨਾਂ ਨੂੰ ਸ਼ਾਂਤਮਈ ਢੰਗ ਨਾਲ ਘੁੰਮਣ-ਫ਼ਿਰਨ ਦੀ ਸਲਾਹ ਦਿਤੀ। ਬਜ਼ੁਰਗਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਸਾਡਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ। 

ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਪਧਾਨ ਮੰਤਰੀ ਮੋਦੀ ਨੂੰ ਮੋਦੀ ਸਾਹਿਬ ਕਹਿੰਦੇ ਸਾਂ ਪਰ ਹੁਣ ਮੋਦੀ ਗੱਦਾਰ ਕਹਿਣ ਲਈ ਮਜ਼ਬੂਰ ਹਾਂ। ਇਸ ਲਈ ਪਧਾਨ ਮੰਤਰੀ ਨੂੰ ਕਿਸਾਨਾਂ ਦੀ ਮੰਗ ਮੰਨ ਲੈਣੀ ਚਾਹੀਦੀ ਹੈ। ਕਿਸਾਨਾਂ ਨੇ ਘਰਾਂ ’ਚ ਬੈਠੇ ਕਿਸਾਨਾਂ ਨੂ ੰਵੀ ਅਪੀਲ ਕੀਤੀ ਕਿ ਉਹ ਘਰ ਦਾ ਇਕ-ਇਕ ਜੀਅ ਧਰਨੇ ਵਿਚ ਸ਼ਾਮਲ ਹੋਣ ਲਈ ਜ਼ਰੂਰ ਆਉਣ। ਇੱਥੇ ਮੌਜੂਦ ਵੱਖ-ਵੱਖ ਧਰਮਾਂ ਦੇ ਵਿਅਕਤੀਆਂ ਨੇ ਕਿਹਾ ਕਿ ਇੱਥੇ ਆ ਕੇ ਸਾਡਾ ਭਾਈਚਾਰਾ ਹੋਰ ਮਜ਼ਬੂਤ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਇੱਥੇ ਮਨਾਵਾਂਗੇ ਅਤੇ ਖੇਤੀ ਕਾਨੂੰਨ ਵਾਪਸ ਮੁੜਣ ਤਕ ਵਾਪਸ ਨਹੀਂ ਵਰਤਾਂਗੇ।