ਡਾਕਟਰਾਂ ਨੇ ਮੁੜ ਜੋੜ ਦਿੱਤਾ ਔਰਤ ਦਾ ਪੂਰੀ ਤਰ੍ਹਾਂ ਨਾਲ ਕੱਟਿਆ ਹੱਥ

ਏਜੰਸੀ

ਖ਼ਬਰਾਂ, ਰਾਸ਼ਟਰੀ

8 ਘੰਟੇ ਚੱਲਿਆ ਹੱਥ ਜੋੜਨ ਦਾ ਆਪਰੇਸ਼ਨ 

Representational Image

 

ਭੁਵਨੇਸ਼ਵਰ - ਭੁਵਨੇਸ਼ਵਰ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਕਟਰਾਂ ਦੀ ਟੀਮ ਨੇ ਇੱਕ ਔਰਤ ਦਾ ਪੂਰੀ ਤਰ੍ਹਾਂ ਕੱਟਿਆ ਹੋਇਆ ਹੱਥ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ ਹੈ। ਇਹ ਜਾਣਕਾਰੀ ਸੰਸਥਾ ਦੇ ਇੱਕ ਅਧਿਕਾਰੀ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਅੱਠ ਘੰਟੇ ਤੱਕ ਚੱਲੇ ਇਸ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਇਸ ਕੱਟੇ ਹੋਏ ਹੱਥ ਨੂੰ ਦੁਬਾਰਾ ਜੋੜ ਦਿੱਤਾ। ਉਨ੍ਹਾਂ ਅਨੁਸਾਰ ਪੁਰੀ ਦੀ ਰਹਿਣ ਵਾਲੀ 25 ਸਾਲਾ ਵਰਸ਼ਾ ਦਾਸ 9 ਦਸੰਬਰ ਨੂੰ ਆਪਣੇ ਘਰ ਕੰਮ ਕਰ ਰਹੀ ਸੀ ਜਦੋਂ ਉਸ ਦਾ ਦੁਪੱਟਾ ਅਤੇ ਹੱਥ ਚੌਲਾਂ ਦੀ ਕਟਾਈ ਦੀ ਮਸ਼ੀਨ ਵਿੱਚ ਫ਼ਸ ਗਏ। ਉਨ੍ਹਾਂ ਦੇ ਦੱਸਣ ਅਨੁਸਾਰ ਉਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।

ਅਧਿਕਾਰੀ ਨੇ ਦੱਸਿਆ ਕਿ ਕੱਟੇ ਹੋਏ ਹੱਥ ਨੂੰ ਬਰਫ਼ ਵਿੱਚ ਰੱਖਿਆ ਗਿਆ ਅਤੇ ਮਰੀਜ਼ ਨੂੰ ਉਸੇ ਦਿਨ ਰਾਤ 9 ਵਜੇ ਏਮਜ਼ ਭੁਵਨੇਸ਼ਵਰ ਦੇ ਐਮਰਜੈਂਸੀ ਵਿਭਾਗ ਵਿੱਚ ਲਿਆਂਦਾ ਗਿਆ  

ਉਨ੍ਹਾਂ ਦੱਸਿਆ ਕਿ ਬਰਨ ਅਤੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ. ਸੰਜੇ ਕੁਮਾਰ ਗਿਰੀ ਦੀ ਅਗਵਾਈ ਵਾਲੀ ਟੀਮ ਨੇ ਉਸੇ ਰਾਤ ਕਰੀਬ 11.30 ਵਜੇ ਮਰੀਜ਼ ਦੇ ਕੱਟੇ ਹੋਏ ਹੱਥ ਨੂੰ ਟਰਾਂਸਪਲਾਂਟ ਕਰਨ ਦੀ ਯੋਜਨਾ ਬਣਾਈ।

ਗਿਰੀ ਨੇ ਕਿਹਾ, "ਸਰਜਰੀ ਸਵੇਰੇ 8 ਵਜੇ ਤੱਕ ਚੱਲੀ ਅਤੇ ਮਰੀਜ਼ ਨੂੰ ਦੁਬਾਰਾ ਆਈ.ਸੀ.ਯੂ. ਵਿੱਚ ਸ਼ਿਫਟ ਕੀਤਾ ਗਿਆ। ਉਸ ਤੋਂ ਦਸਵੇਂ ਦਿਨ ਅਸੀਂ ਮਰੀਜ਼ ਨੂੰ ਦੁਬਾਰਾ ਅਪਰੇਸ਼ਨ ਰੂਮ ਵਿੱਚ ਲੈ ਆਏ ਕਿਉਂਕਿ ਕੂਹਣੀ ਦੀ ਚਮੜੀ ਠੀਕ ਨਹੀਂ ਸੀ।"

ਉਨ੍ਹਾਂ ਦੱਸਿਆ ਕਿ ਟੀਮ ਨੇ ਖ਼ਰਾਬ ਹੋਈ ਚਮੜੀ ਨੂੰ ਹਟਾਇਆ ਅਤੇ ਇਸ ਨੂੰ ਸਕਿਨ ਗ੍ਰਾਫ਼ਟ ਨਾਲ ਢਕ ਦਿੱਤਾ। 

ਉਨ੍ਹਾਂ ਨੇ ਵੀਰਵਾਰ ਨੂੰ ਦੱਸਿਆ ਕਿ ਅੱਜ ਇਸ ਘਟਨਾ ਨੂੰ ਲਗਭਗ ਦੋ ਹਫ਼ਤੇ ਹੋ ਗਏ ਹਨ ਅਤੇ ਹੁਣ 'ਹੱਥ ਠੀਕ ਹੈ।'

ਏਮਜ਼ ਦੇ ਕਾਰਜਕਾਰੀ ਨਿਰਦੇਸ਼ਕ ਡਾ. ਆਸ਼ੂਤੋਸ਼ ਵਿਸ਼ਵਾਸ ਵਾਰਡ ਵਿੱਚ ਵਰਸ਼ਾ ਨੂੰ ਦੇਖਣ ਲਈ ਗਏ ਡਾਕਟਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਵਰਸ਼ਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਪਾਹਜ ਹੋਣ ਤੋਂ ਬਚ ਗਈ ਅਤੇ ਉਸ ਨੂੰ ਉਸ ਦਾ ਹੱਥ ਵਾਪਸ ਮਿਲ ਗਿਆ। ਉਸ ਨੇ ਕਿਹਾ, "ਹੁਣ ਮੈਨੂੰ ਅਹਿਸਾਸ ਹੋਇਆ ਕਿ ਲੋਕ ਡਾਕਟਰਾਂ ਨੂੰ ਦੂਜਾ ਭਗਵਾਨ ਕਿਉਂ ਕਹਿੰਦੇ ਹਨ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਹੱਥ ਠੀਕ ਹੋ ਸਕੇਗਾ।"