ਤਾਜ ਮਹਿਲ ਦੇ ਸੈਲਾਨੀਆਂ ਦੀ ਸੁਰੱਖਿਆ ਲਈ ਹੁਣ ਗੁਲੇਲ ਦੀ ਵਰਤੋਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਜ ਮਹਿਲ ਵਿਚ ਆਏ ਦਿਨ ਸੈਲਾਨੀਆਂ 'ਤੇ ਹੋ ਬਾਂਦਰਾਂ ਦੇ ਹਮਲੇ ਤੋਂ ਬਚਾਅ ਲਈ ਸੁਰੱਖਿਆ ਏਜੰਸੀਆਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।

Taj Mahal

ਆਗਰਾ : ਦੁਨੀਆਂ ਭਰ ਦੇ ਸੈਲਾਨੀਆਂ ਲਈ ਖਿੱਚ ਦੇ ਕੇਂਦਰ ਇਤਿਹਾਸਕ ਸਮਾਰਕ ਤਾਜ ਮਹਿਲ ਵਿਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸੀਆਈਐਸਐਫ ਦੇ ਜਵਾਨਾਂ ਦੇ ਹੱਥ ਵਿਚ ਹੁਣ ਬੰਦੂਕ ਦੀ ਥਾਂ ਗੁਲੇਲ ਦਿਖਾਈ ਦੇਵੇਗੀ। ਦਰਅਸਲ ਤਾਜ ਮਹਿਲ ਵਿਚ ਆਏ ਦਿਨ ਸੈਲਾਨੀਆਂ 'ਤੇ ਹੋ ਬਾਂਦਰਾਂ ਦੇ ਹਮਲੇ ਤੋਂ ਬਚਾਅ ਲਈ ਸੁਰੱਖਿਆ ਏਜੰਸੀਆਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।

ਇਸ ਕੰਮ ਲਈ 14 ਜਵਾਨਾਂ ਨੂੰ ਸੈਲਾਨੀਆਂ ਦੀ ਸੁਰੱਖਿਆ ਲਈ ਗੁਲੇਲ ਚਲਾਉਣ ਦੀ ਸਿਖਲਾਈ ਦਿਤੀ ਜਾ ਰਹੀ ਹੈ। ਇਹ ਬਾਂਦਰ ਝੁੰਡ ਬਣਾ ਕੇ ਸੈਲਾਨੀਆ ਦੇ ਸਮਾਨ 'ਤੇ ਹਮਲਾ ਕਰਦੇ ਹਨ। ਪਿਛਲੇ ਇਕ ਮਹੀਨੇ ਵਿਚ ਇਥੇ 16 ਸੈਲਾਨੀ ਬਾਂਦਰਾ ਦੇ ਹਮਲੇ ਕਾਰਨ ਜਖ਼ਮੀ ਹੋ ਚੁੱਕੇ ਹਨ। ਸਮਾਰਕ ਦੀ ਸੁਰੱਖਿਆ ਲਈ ਸੀਆਈਐਸਐਫ ਦੇ ਅਤਿਆਧੁਨਿਕ ਹਥਿਆਰਾਂ ਨਾਲ ਲੈਸ 250 ਜਵਾਨ ਇਥੇ 24 ਘੰਟੇ ਤੈਨਾਤ ਰਹਿੰਦੇ ਹਨ,

ਪਰ ਬਾਂਦਰਾਂ ਦੇ ਹਮਲਿਆਂ ਤੋਂ ਉਹ ਸੈਲਾਨੀਆਂ ਨੂੰ ਬਚਾ ਨਹੀ ਸਨ ਸਕਦੇ। ਇਸ ਦੇ ਚਲਦਿਆਂ ਤਾਜ ਮਹਿਲ ਦੇ ਰਾਇਲ ਗੇਟ, ਮੁਖ ਮੈਦਾਨ ਅਤੇ ਸਮਾਰਕ ਦੇ ਅੰਦਰ ਦਾਖਲ ਹੋਣ ਵਾਲੇ ਸਾਰੇ ਦਰਵਾਜਿਆਂ ਸਮੇਤ ਕੁਲ 14 ਥਾਵਾਂ 'ਤੇ ਜਵਾਨਾਂ ਨੂੰ ਗੁਲੇਲ ਨਾਲ ਤੈਨਾਤ ਕੀਤਾ ਗਿਆ ਹੈ। ਜਿਵੇਂ ਹੀ ਜਵਾਨਾਂ ਦਾ ਹੱਥ ਗੁਲੇਲ 'ਤੇ ਜਾਂਦਾ ਹੈ ਇਹ ਬਾਂਦਰ ਉਸ ਨੂੰ ਦੇਖ ਕੇ ਭੱਜ ਜਾਂਦੇ ਹਨ। 

ਦੱਸ ਦਈਏ ਕਿ ਸ਼ਿਲਪਗ੍ਰਾਮ ਤੋਂ ਤਾਜ ਦੇ ਪੂਰਬੀ-ਪੱਛਮੀ ਗੇਟ, ਮਹਿਮਾਨਖਾਨੇ ਅਤੇ ਚਮੇਲੀ ਫਰਸ਼ ਤੱਕ ਬਾਂਦਰਾਂ ਦਾ ਹੀ ਆਂਤਕ ਹੈ। ਬਾਂਦਰਾਂ ਦੇ ਆਂਤਕ ਦਾ ਮੁੱਦਾ ਕਈ ਉੱਚ ਪੱਧਰੀ ਬੈਠਕਾਂ ਵਿਚ ਰੱਖਿਆ ਗਿਆ ਅਤੇ ਕਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ। ਬਾਂਦਰਾਂ ਨੂੰ ਭਜਾਉਣ ਦੀ ਰਵਾਇਤੀ ਯੋਜਨਾਂ ( ਲੰਗੂਰਾਂ ਦੀ ਤੈਨਾਤੀ ) ਦੀ ਗੱਲ ਵੀ ਹੋਈ ਪਰ ਜੰਗਲਾਤ ਵਿਭਾਗ ਦੇ ਨਿਯਮਾਂ ਦਾ ਹਵਾਲਾ ਦੇ ਕੇ ਇਸ ਨੂੰ ਰੋਕ ਦਿਤਾ ਗਿਆ।

ਸੈਲਾਨੀਆਂ ਨੂੰ ਜਾਗਰੂਕ ਕਰਨ ਲਈ ਕਈ ਥਾਵਾਂ 'ਤੇ ਚਿਤਾਵਨੀ ਬੋਰਡ ਵੀ ਲਗਾਏ ਗਏ ਪਰ ਇਹਨਾਂ ਘਟਨਾਵਾਂ ਵਿਚ ਕੋਈ ਕਮੀ ਨਾ ਆਉਣ ਕਾਰਨ ਸੁਰੱਖਿਆ ਏਜੰਸੀਆਂ ਦੀ ਸਲਾਹ 'ਤੇ ਜਵਾਨਾਂ ਨੂੰ ਗੁਲੇਲ ਚਲਾਉਣ ਦੀ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ।  ਇਸ ਕਦਮ ਨਾਲ ਸੈਲਾਨੀ ਸੁਰੱਖਿਅਤ ਮਹਿਸੂਸ ਕਰਨਗੇ।