ਹੁਣ ਗਣਤੰਤਰ ਦਿਵਸ 'ਤੇ ਡਰੋਨ ਹਮਲੇ ਦਾ ਛਾਇਆ, ਸੁਰੱਖਿਆ ਏਜੰਸੀਆਂ ਅਲਰਟ 'ਤੇ!

ਏਜੰਸੀ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰਾਲੇ ਨੇ ਸੁਰੱਖਿਆ ਏਜੰਸੀਆਂ ਨੂੰ ਚਿੱਠੀ ਰਾਹੀਂ ਕੀਤਾ ਸੁਚੇਤ

file photo

ਨਵੀਂ ਦਿੱਲੀ : ਡਰੋਨ ਹਮਲੇ ਦੇ ਖ਼ਦਸ਼ੇ ਦਾ ਡਰ ਹੁਣ ਸਰਹੱਦੀ ਇਲਾਕਿਆਂ ਤੋਂ ਰਾਜਧਾਨੀ ਤਕ ਵੀ ਪਹੁੰਚ ਗਿਆ ਹੈ। 26 ਜਨਵਰੀ ਮੌਕੇ ਡਰੋਨ ਹਮਲੇ ਦੇ ਖ਼ਦਸ਼ਿਆਂ ਕਾਰਨ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ।  ਇਸ ਸਬੰਧੀ ਗ੍ਰਹਿ ਮੰਤਰਾਲੇ ਵਲੋਂ ਸੁਰੱਖਿਆ ਏਜੰਸੀਆਂ ਨੂੰ ਬਕਾਇਤਾ ਚਿੱਠੀ ਰਾਹੀਂ ਸੁਚੇਤ ਕੀਤਾ ਗਿਆ ਹੈ।

ਗ੍ਰਹਿ ਮੰਤਰਾਲੇ ਵਲੋਂ ਲਿਖੀ ਚਿੱਠੀ ਮੁਤਾਬਕ ਇਸ ਸਮੇਂ ਗ਼ੈਰ ਕਾਨੂੰਨੀ ਤਰੀਕੇ ਨਾਲ ਡਰੋਨਾਂ ਦਾ ਇਸਤੇਮਾਲ ਹੋ ਰਿਹਾ ਹੈ। ਇਨ੍ਹਾਂ ਦਾ ਪ੍ਰਯੋਗ ਸਮਾਜ ਵਿਰੋਧੀ ਅਨਸਰ, ਖ਼ਾਸ ਕਰ ਕੇ ਅਤਿਵਾਦੀ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ੇਦੇਣ ਲਈ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੂੰ ਡਰੋਨ ਹਮਲੇ ਦੇ ਸੰਭਾਵਿਤ ਖ਼ਤਰਿਆਂ ਬਾਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ਕਾਬਲੇਗੌਰ ਹੈ ਕਿ ਕੁੱਝ ਸਮਾਂ ਪਹਿਲਾਂ ਦਿੱਲੀ ਵਿਚ ਡਰੋਨ ਵੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਗ੍ਰਹਿ ਮੰਤਰਾਲੇ ਦੀ ਚਿੱਠੀ ਵਿਚ ਵੀ ਡਰੋਨ ਹਮਲੇ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ। ਚਿੱਠੀ 'ਚ ਡਰੋਨ ਜ਼ਰੀਏ ਅਤਿਵਾਦੀ ਹਮਲੇ ਸਬੰਧੀ ਸੁਚੇਤ ਕੀਤਾ ਗਿਆ ਹੈ।

ਚਿੱਠੀ ਵਿਚ ਸਤੰਬਰ 2019 'ਚ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਕੰਪਨੀ 'ਅਰਾਮਕੋ' 'ਤੇ ਹੋਏ ਡਰੋਨ ਹਮਲੇ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਲ 2018 'ਚ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ 'ਤੇ ਡਰੋਨ ਹਮਲੇ ਦੀ ਕੋਸ਼ਿਸ਼ ਦਾ ਵੀ ਹਵਾਲਾ ਹੈ।

ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਸਰਹੱਦੀ ਇਲਾਕੇ ਅੰਦਰ ਡਰੋਨ ਰਾਹੀਂ ਹਥਿਆਰ ਭੇਜਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਕੌਮਾਂਤਰੀ ਸਰਹੱਦ ਨੇੜਲੇ ਇਲਾਕਿਆਂ ਵਿਚ ਵਾਰ ਵਾਰ ਡਰੋਨਾਂ ਦੀ ਦਸਤਕ ਨੇ ਵੀ ਸੁਰੱਖਿਆ ਏਜੰਸੀਆਂ ਨੂੰ ਪ੍ਰੇਸ਼ਾਨੀ 'ਚ ਪਾਇਆ ਹੋਇਆ ਹੈ। ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਵਲੋਂ ਵੀ ਡਰੋਨ ਹਮਲੇ ਸਬੰਧੀ ਖ਼ਦਸ਼ੇ ਜ਼ਾਹਰ ਕੀਤੇ ਗਏ ਸਨ।