ਸਰਹੱਦ 'ਤੇ ਡਰੋਨ ਨੇ ਮੁੜ ਦਿਤੀ 'ਦਸਤਕ'

ਏਜੰਸੀ

ਖ਼ਬਰਾਂ, ਪੰਜਾਬ

ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ

file photo

ਤਰਨ ਤਾਰਨ : ਸਰਹੱਦੀ ਇਲਾਕਿਆਂ ਅੰਦਰ ਪਾਕਿਸਤਾਨ ਵਾਲੇ ਪਾਸਿਓ ਡਰੋਨਾਂ ਦੀ ਵਾਰ-ਵਾਰ ਦਸਤਕ ਨੇ ਲੋਕਾਂ ਦੇ ਨਾਲ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਾਈ ਹੋਈ ਹੈ। ਤਾਜ਼ਾ ਘਟਨਾ 'ਚ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਤੇਂਦੀਵਾਲਾ ਵਿਖੇ ਵੇਖਣ ਨੂੰ ਸਾਹਮਣੇ ਆਈ ਹੈ। ਇੱਥੇ ਬੀਤੀ ਰਾਤ ਬੀਐਸਐਫ ਚੌਕੀ ਸ਼ਾਮੇ ਕੇ ਦੇ ਨੇੜਲੇ ਇਲਾਕੇ ਅੰਦਰ ਡਰੋਨ ਨੇ ਅਚਾਨਕ ਦਸਤਕ ਦਿਤੀ ਹੈ। ਡਰੋਨ ਨੂੰ ਡੇਗਣ ਲਈ ਇਸ 'ਤੇ ਫਾਇਰਿੰਗ ਵੀ ਕੀਤੀ ਗਈ ਪਰ ਹਨੇਰੇ ਕਾਰਨ ਸਫ਼ਲਤਾ ਨਾ ਮਿਲ ਸਕੀ।

ਸੋਮਵਾਰ ਦੁਪਹਿਰ ਬਾਅਦ ਇਲਾਕੇ 'ਚ ਅਚਾਨਕ ਮੌਸਮ ਖ਼ਰਾਬ ਹੋ ਗਿਆ ਸੀ। ਇਸੇ ਦੌਰਨ ਸ਼ਾਮ ਨੂੰ ਜ਼ੋਰਦਾਰ ਬਾਰਿਸ਼ ਪੈਣ ਤੋਂ ਬਾਅਦ ਰਾਤ ਨੂੰ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ। ਅਜਿਹੇ ਮੌਸਮ ਦਾ ਲਾਹਾ ਲੈਣ ਦੇ ਮਕਸਦ ਨਾਲ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਨੂੰ ਭਾਰਤੀ ਖੇਤਰ 'ਚ ਭੇਜਿਆ ਗਿਆ।

ਜਦੋਂ ਇਹ ਡਰੋਨ ਬੀਐਸਐਫ ਚੌਕੀ ਸ਼ਾਮੇ ਕੇ ਲਾਗਲੇ ਇਲਾਕੇ ਅੰਦਰ ਦਾਖ਼ਲ ਹੋਇਆ ਤਾਂ ਬੀਐਸਐਫ ਜਵਾਨਾਂ ਨੇ ਇਸ 'ਤੇ ਗੋਲੀਆਂ ਚਲਾ ਦਿਤੀਆਂ ਜਿਸ ਤੋਂ ਬਾਅਦ ਇਹ ਅਚਾਨਕ ਗਾਇਬ ਹੋ ਗਿਆ।

ਮੁਤਾਬਕ ਸੋਮਵਾਰ ਰਾਤ 8.42 ਵਜੇ ਬੀਐਸਐਫ ਦੇ ਸੁਰੱਖਿਆ ਗਾਰਡਾਂ ਨੇ ਸਰਹੱਦੀ ਪਿੰਡ ਤੇਂਦੀਵਾਲਾ ਅਤੇ ਬੀਐਸਐਫ ਚੌਕੀ ਨੇੜੇ ਇਕ ਡਰੋਨ ਉਡਦਾ ਵੇਖਿਆ। ਡਰੋਨ 4-5 ਮਿੰਟ ਤਕ ਅਸਮਾਨ 'ਚ ਗੇੜੇ ਲਗਾਉਂਦਾ ਰਿਹਾ। ਬੀਐਸਐਫ ਦੇ ਜਵਾਨਾਂ ਨੇ ਇਸ 'ਤੇ ਗੋਲੀਆਂ ਚਲਾ ਕੇ ਇਸ ਨੂੰ ਡੇਗਣ ਦੀ ਕੋਸ਼ਿਸ਼ ਵੀ ਕੀਤੀ ਪਰ ਕਾਮਯਾਬੀ ਨਹੀਂ ਮਿਲ ਸਕੀ। ਇਸ ਤੋਂ ਬਾਅਦ ਡਰੋਨ ਗਾਇਬ ਹੋ ਗਿਆ।

ਕਾਬਲੇਗੌਰ ਹੈ ਕਿ ਸਰਹੱਦੀ ਏਰੀਏ ਵਿਚ ਪੁਲਿਸ ਤੇ ਬੀਐਸਐਫ ਵਲੋਂ ਵਰਤੀ ਜਾ ਰਹੀ ਮੁਸ਼ਤੈਦੀ ਕਾਰਨ ਭਾਵੇਂ ਇਨ੍ਹਾਂ ਡਰੋਨਾਂ ਨੂੰ ਵਾਰ ਵਾਰ ਵਾਪਸ ਪਰਤਣਾ ਪੈ ਰਿਹਾ ਹੈ, ਪਰ ਇਸ ਨਵੀਂ ਤਰ੍ਹਾਂ ਦੀ ਘੁਸਪੈਠ ਨੇ ਪ੍ਰਸ਼ਾਸਨ ਤੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ।

ਦੱਸ ਦਈਏ ਕਿ ਬੀਤੇ ਦਿਨ ਡਰੋਨ ਹਮਲਿਆਂ ਤੋਂ ਚਿੰਤਤ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਡ੍ਰੋਨ ਰੱਖਣ ਵਾਲੇ ਨਾਗਰਿਕਾਂ ਨੂੰ 31 ਜਨਵਰੀ ਤਕ ਰਜਿਸਟ੍ਰੇਸ਼ਨ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਨਾਲ ਹੀ ਇਹ ਚੇਤਾਵਨੀ ਵੀ ਦਿਤੀ ਗਈ ਸੀ ਕਿ ਜਿਹੜੇ ਡ੍ਰੋਨ ਰਜਿਸਟਰਡ ਨਹੀਂ ਹੋਣਗੇ, ਉਨ੍ਹਾਂ ਦੇ ਆਪਰੇਟਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਬੀਤੇ ਦਿਨਾਂ ਦੀਆਂ ਵਿਸ਼ਵ ਪੱਧਰ 'ਤੇ ਵਾਪਰੀਆਂ ਘਟਨਾਵਾਂ ਨੇ ਵੀ ਸਰਕਾਰ ਦੀਆਂ ਚਿਤਾਵਾਂ ਵੀ ਵਧਾ ਦਿਤੀਆਂ ਨੇ। ਬੀਤੇ ਦਿਨ ਈਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਅਮਰੀਕਾ ਨੇ ਫ਼ੌਜੀ ਡ੍ਰੋਨ ਦੀ ਵਰਤੋਂ ਕਰਦਿਆਂ ਮੌਤ ਦੇ ਘਾਟ ਉਤਾਰ ਦਿਤਾ ਸੀ। ਇਸ ਤੋਂ ਬਾਅਦ ਡਰੋਨ ਰਾਹੀਂ ਹੋਣ ਵਾਲੇ ਹਮਲਿਆਂ ਦੀ ਗੰਭੀਰਤਾ ਨੇ ਸਭ ਦਾ ਧਿਆਨ ਖਿਚਿਆ ਹੈ। ਇਹੀ ਕਾਰਨ ਹੈ ਕਿ ਸਰਹੱਦੀ ਖੇਤਰ 'ਚ ਡਰੋਨਾਂ ਦੀ ਵਾਰ ਵਾਰ ਦਸਤਕ ਨੂੰ ਸੁਰੱਖਿਆ ਏਜੰਸੀਆ ਗੰਭੀਰਤਾ ਨਾਲ ਲੈ ਰਹੀਆਂ ਹਨ ਤੇ ਇਸ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।