ਮੋਬਾਈਲ ਸ਼ੋਅਰੂਮ ਦੇ ਉਦਘਾਟਨ ਦੌਰਾਨ ਅਦਾਕਾਰ ਰਾਜਪਾਲ ਯਾਦਵ ਨੂੰ ਕਿਉਂ ਸੁੱਟਣਾ ਪਿਆ 'ਮੋਬਾਈਲ'!

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਸੰਸਕਾਂ ਦੀ ਭੀੜ ਕਾਰਨ ਆਇਆ ਸੀ ਗੁੱਸਾ

file photo

ਸਾਹਜਹਾਨਪੁਰ : 'ਮੋਬਾਈਲ' ਸ਼ੋਅਰੂਮ ਦਾ ਉਦਘਾਟਨ ਕਰਨ ਪੁੱਜੇ ਪ੍ਰਸਿੱਧ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ 'ਮੋਬਾਈਲ' ਦੀ ਵਜ੍ਹਾ ਨਾਲ ਉਸ ਸਮੇਂ ਆਪੇ ਤੋਂ ਬਾਹਰ ਹੋ ਗਏ ਜਦੋਂ ਉਨ੍ਹਾਂ ਦਾ ਇਕ ਪ੍ਰਸੰਸਕ ਮੋਬਾਈਲ ਨਾਲ ਸੈਲਫ਼ੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਾਜਪਾਲ ਯਾਦਵ ਪ੍ਰਸੰਸਕਾ ਦੀ ਭੀੜ ਤੋਂ ਇੰਨਾ ਭੜਕ ਗਏ ਕਿ ਉਨ੍ਹਾਂ ਮੋਬਾਈਲ ਨੂੰ ਪ੍ਰਸੰਸਕ ਤੋਂ ਖੋਹ ਕੇ ਸੜਕ 'ਤੇ ਵਗਾਹ ਮਾਰਿਆ।

ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਸਥਿਤ ਲਾਲ ਇਮਲੀ ਚੌਕ 'ਚ ਇਕ ਮੋਬਾਈਲ ਸ਼ੋਅਰੂਮ ਦਾ ਉਦਘਾਟਨ ਕਰਨ ਪੁੱਜੇ ਰਾਜਪਾਲ ਯਾਦਵ ਨੂੰ ਵੱਡੀ ਗਿਣਤੀ 'ਚ ਇਕੱਠੇ ਹੋਏ ਉਨ੍ਹਾਂ ਦੇ ਪ੍ਰਸੰਸਕਾਂ ਨੇ ਘੇਰ ਲਿਆ। ਹਰ ਕੋਈ ਯਾਦਵ ਨਾਲ ਸੈਲਫੀ ਲੈਣ ਤੇ ਹੱਥ ਮਿਲਾਉਣ ਲਈ ਕਾਹਲਾ ਸੀ। ਇਸੇ ਧੱਕਾ-ਮੁੱਕੀ ਦੌਰਾਨ ਇੰਸਟਰੂਮੈਂਟਲ ਆਰਟਿਸਟ ਜੀਤੂ ਨਾਂ ਦੇ ਪ੍ਰਸੰਸਕ ਨੇ ਅਪਣੇ ਮੋਬਾਈਲ ਨਾਲ ਰਾਜਪਾਲ ਯਾਦਵ ਨਾਲ ਸੈਲਫ਼ੀ ਲੈਣੀ ਚਾਹੀ। ਭੀੜ ਤੋਂ ਖਫ਼ਾ ਰਾਜਪਾਲ ਯਾਦਵ ਨੇ ਅਪਣੇ ਪ੍ਰਸੰਸਕ ਤੋਂ ਮੋਬਾਈਲ ਖੋਹ ਕੇ ਪਰ੍ਹਾ ਸੁੱਟ ਦਿਤਾ।

ਮੋਬਾਈਲ ਸ਼ੋਅਰੂਮ ਦੇ ਉਦਘਾਟਨ ਦਾ ਸਮਾਂ ਬੀਤੇ ਬੁੱਧਵਾਰ ਦੁਪਹਿਰ 2 ਵਜੇ ਦਾ ਸੀ। ਰਾਜਪਾਲ ਯਾਦਵ ਤੈਅ ਸਮੇਂ 'ਤੇ ਸ਼ੋਅਰੂਮ 'ਚ ਪਹੁੰਚ ਗਏ। ਇਸੇ ਦੌਰਾਨ ਉਨ੍ਹਾਂ ਦੇ ਪ੍ਰਸੰਸਕਾ ਦੀ ਵੱਡੀ ਭੀੜ ਵੀ ਇਕੱਠੀ ਹੋ ਗਈ ਸੀ। ਜਦੋਂ ਉਹ ਸ਼ੋਅਰੂਮ ਦੇ ਉਦਘਾਟਨ ਬਾਅਦ ਬਾਹਰ ਨਿਕਲੇ ਤਾਂ ਭੀੜ ਨੇ ਘੇਰ ਲਿਆ।

ਸੁਰੱਖਿਆ ਪ੍ਰਬੰਧਾਂ ਦੀ ਅਣਹੋਂਦ ਕਾਰਨ ਮਾਹੌਲ ਹਫੜਾ-ਦਫੜੀ ਵਾਲਾ ਬਣ ਗਿਆ। ਇਥੇ ਤਾਰੀਨ ਟਿਕਲੀ ਦਾ ਰਹਿਣ ਵਾਲਾ ਆਰਕੈਸਟਰਾ ਦਾ ਸਾਜ਼ ਕਲਾਕਾਰ ਜੀਤੂ ਸਕਸੈਨਾ ਕਾਫ਼ੀ ਸਮੇਂ ਤੋਂ ਰਾਜਪਾਲ ਯਾਦਵ ਨਾਲ ਸੈਲਫੀ ਲੈਣ ਦੀ ਮਨਸ਼ਾ ਨਾਲ ਖੜ੍ਹਾ ਸੀ। ਜਦੋਂ ਉਸ ਨੇ ਰਾਜਪਾਲ ਯਾਦਵ ਨਾਲ ਸੈਲਫ਼ੀ ਲੈਣੀ ਚਾਹੀ ਤਾਂ ਭੀੜ੍ਹ ਤੋਂ ਅੱਕੇ ਰਾਜਪਾਲ ਯਾਦਵ ਨੇ ਉਸ ਦਾ ਮੋਬਾਈਲ ਖੋਹ ਕੇ ਪਰ੍ਹਾ ਵਗਾਹ ਮਾਰਿਆ।

ਇਸ ਤੋਂ ਖਫ਼ਾ ਹੋਇਆ ਪ੍ਰਸੰਸਕ ਸ਼ਿਕਾਇਤ ਲੈ ਥਾਣੇ ਪਹੁੰਚ ਗਿਆ। ਉਸ ਦਾ ਦੋਸ਼ ਸੀ ਕਿ ਗੁੱਸੇ 'ਚ ਆਏ ਰਾਜਪਾਲ ਨੇ ਉਸ ਦਾ ਮੋਬਾਈਲ ਖੋਹ ਕੇ ਸੜਕ 'ਤੇ ਸੁਟਿਆ ਹੈ। ਦੂਜੇ ਪਾਸੇ ਪੁਲਿਸ ਨੇ ਉਸ ਦੀ ਰਿਪੋਰਟ ਲਿਖਣ ਤੋਂ ਨਾਂਹ ਕਰ ਦਿਤੀ ਹੈ। ਜੀਤੂ ਦਾ ਕਹਿਣਾ ਹੈ ਕਿ ਉਹ ਅਦਾਕਾਰ ਵਿਰੁੱਧ ਕਾਰਵਾਈ ਕਰਵਾਉਣ ਖ਼ਾਤਰ ਅਦਾਲਤ ਦਾ ਦਰਵਾਜ਼ਾ ਵੀ ਖੜਕਾਏਗਾ।