ਹੁਣ ਕਿਸਾਨ ਮੋਬਾਈਲ ਐਪ ਰਾਹੀਂ ਲੈ ਸਕਣਗੇ ਵੱਡਾ ਫ਼ਾਇਦਾ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਮੰਡੀ ਬੋਰਡ ਨੇ ਕਿਸਾਨਾਂ ਲਈ ਜਾਰੀ ਕਾਤੀ ਈ-ਪੀਐਮਬੀ ਮੋਬਾਇਲ-ਐਪ 

File

ਚੰਡੀਗੜ੍ਹ- ਹਾੜੀ ਪ੍ਰਬੰਧਨ ਪ੍ਰਣਾਲੀ 2020-21 ਦੇ ਕਾਰਜਾਂ ਨੂੰ ਪੇਪਰਲੈੱਸ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ ਕਿਸਾਨਾਂ ਨੂੰ ਖਰੀਦ ਪ੍ਰਕਿਰਿਆ ਦੀ ਸਮੇਂ ਸਿਰ ਜਾਣਕਾਰੀ ਦੇਣ ਲਈ ਇੱਕ ਮੋਬਾਈਲ ਐਪਲੀਕੇਸ਼ਨ ਈ-ਪੀ ਐਮ ਬੀ ਦੇ ਨਾਲ ਨਾਲ ਇੰਟੇਗ੍ਰੇਟਿਡ ਮੈਨੇਜਮੈਂਟ ਸਿਸਟਮ (ਆਈ.ਐਮ.ਐਸ.) ਦੀ ਸ਼ੁਰੂਆਤ ਕੀਤੀ।

ਇਸ ਕਿਸਾਨ-ਪੱਖੀ ਮੋਬਾਈਲ ਐਪ ਦੀ ਸ਼ੁਰੂਆਤ ਕਰਦਿਆਂ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਆੜਤੀਆਂ ਅਤੇ ਆਮ ਲੋਕਾਂ ਨੂੰ ਆਨ ਲਾਈਨ ਲਾਇਸੈਂਸ ਦੇਣ ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ 'ਅਪਣੀ ਮੰਡੀਆਂ' ਵਿਚ ਫਲਾਂ ਤੇ ਸਬਜ਼ੀਆਂ ਦੀਆਂ ਅਸਲ ਕੀਮਤਾਂ ਦੀ ਉਪਲਬਧਤਾ ਜਾਣਨ ਦੇ ਸਮਰੱਥ ਕਰੇਗਾ। ਇਹ ਉਪਭੋਗਤਾ-ਪੱਖੀ ਐਪ ਮਾਰਕੀਟਿੰਗ ਸਹਾਇਤਾ ਸੰਬੰਧੀ ਸਾਰੇ ਭਾਈਵਾਲਾਂ ਨੂੰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗੀ।

ਮੰਡੀਆਂ ਦੇ ਖਰੀਦ ਕਾਰਜਾਂ ਵਿਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਇਸ ਵਿਲੱਖਣ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੇ ਕਿਹਾ ਕਿ ਮੰਡੀ ਬੋਰਡ ਨੇ ਪੇਪਰਲੈਸ ਕਾਰਜਾਂ ਵੱਲ ਧਿਆਨ ਦੇ ਕੇ ਆਈ.ਐਮ.ਐਸ. ਰਾਹੀਂ ਈ-ਗਵਰਨੈਂਸ ਦਾ ਇਨਕਲਾਬੀ ਕਦਮ ਚੁੱਕਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਸਾਰੇ ਭਾਈਵਾਲਾਂ ਨੂੰ ਵੱਖ-ਵੱਖ ਈ-ਸੇਵਾਵਾਂ ਪ੍ਰਦਾਨ ਕਰਨ ਲਈ ਈ-ਪੀਐਮਬੀ ਦੇ ਨਿਰਵਿਘਨ ਲਾਗੂ ਕਰਨ ਲਈ ਜ਼ਿਲ੍ਹਾ ਨੋਡਲ ਅਧਿਕਾਰੀ ਪਹਿਲਾਂ ਹੀ ਨਿਯੁਕਤ ਕੀਤੇ ਗਏ ਹਨ।

ਇਸ ਮੋਬਾਈਲ ਐਪ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਇਹ ਐਪ ਉਪਭੋਗਤਾਵਾਂ ਨੂੰ ਸੂਬੇ ਭਰ ਦੀਆਂ ਵੱਖ-ਵੱਖ 'ਅਪਣੀ ਮੰਡੀਆਂ' ਵਿਚ ਮੌਜੂਦ ਕੀਮਤਾਂ ਦੀ ਤੁਲਨਾ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਨੂੰ ਅਸਲ ਸਮੇਂ ਦੀਆਂ ਦਰਾਂ 'ਤੇ ਵੇਚਣ ਦਾ ਮੌਕਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਇਹ ਜੀ.ਪੀ.ਐਸ. ਯੁਕਤ ਮੋਬਾਈਲ ਐਪ ਪੰਜਾਬ ਮੰਡੀ ਬੋਰਡ ਦੇ ਕਰਮਚਾਰੀਆਂ ਦੀ ਹਾਜ਼ਰੀ ਨੂੰ ਵੀ ਦਰਸਾਏਗੀ ਅਤੇ ਉਨ੍ਹਾਂ ਦੀ ਥਾਂ ਦੀ ਪੁਸ਼ਟੀ ਵੀ ਕਰੇਗੀ।

ਈ-ਖਰੀਦ (ਖਰੀਦ ਕਾਰਜ) ਦੇ ਬਾਰੇ ਦੱਸਦਿਆਂ ਰਵੀ ਭਗਤ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਕਿਸਾਨਾਂ ਦੀ ਪੈਦਾਵਾਰ ਨੂੰ ਮੰਡੀਆਂ ਵਿੱਚ ਆਉਣ ਸਾਰ ਹੀ ਖਰੀਦ ਕਰਨ ਦਾ ਇਰਾਦਾ ਰੱਖਦਾ ਹੈ। ਮੰਡੀ ਵਿੱਚ ਉਪਜ ਦੀ ਨਿਲਾਮੀ ਵੀ ਇਲੈਕਟ੍ਰਾਨਿਕ ਢੰਗ ਨਾਲ ਕੀਤੀ ਜਾਵੇਗੀ। ਆੜਤੀ ਜੇ-ਫਾਰਮ ਆਨਲਾਈਨ ਪ੍ਰਾਪਤ ਕਰ ਸਕਣਗੇ ਅਤੇ ਉਹ ਇਹ ਫਾਰਮ ਕਿਸਾਨਾਂ ਨੂੰ ਇਲੈਕਟ੍ਰਾਨਿਕ ਢੰਗ ਨਾਲ ਮੁਹੱਈਆ ਕਰਵਾਉਣਗੇ। ਖਰੀਦ, ਭੁਗਤਾਨ ਅਤੇ ਲਿਫਟਿੰਗ ਦੀ ਅਸਲ ਸਮੇਂ 'ਤੇ ਨਿਗਰਾਨੀ ਕੀਤੀ ਜਾ ਸਕੇਗੀ। ਇਹ ਐਪ ਜਾਅਲੀ ਬਿਲਿੰਗ ਨੂੰ ਰੋਕਣ ਵਿੱਚ ਵੀ ਸਹਾਇਤਾ ਕਰੇਗੀ, ਜਿਸ ਨਾਲ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕਦਾ ਹੈ।