ਯਾਤਰੀਆਂ 'ਤੇ ਮਿਹਰਬਾਨ ਰੇਲਵੇ : ਮਿਲੇਗੀ ਮੁਫ਼ਤ ਮੋਬਾਈਲ ਤੇ ਵੀਡੀਓ ਕਾਲ ਦੀ ਸਹੂਲਤ!

ਏਜੰਸੀ

ਖ਼ਬਰਾਂ, ਰਾਸ਼ਟਰੀ

ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਜ਼ਰੀਏ ਦਿਤੀ ਜਾਣਕਾਰੀ

file photo

ਨਵੀਂ ਦਿੱਲੀ : ਰੇਲ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਖ਼ਾਤਰ ਰੇਲਵੇ ਵਲੋਂ ਨਵੀਆਂ ਨਵੀਆਂ ਸੇਵਾਵਾਂ ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਰੇਲਵੇ ਨੇ ਇਕ ਵਿਲੱਖਣ ਹਿਊਮਨ ਇੰਟਰੇਕਟਿਵ ਇੰਟਰਫੇਸ ਸਿਸਟਮ ਰਾਹੀਂ ਯਾਤਰੀਆਂ ਨੂੰ ਮੁਫ਼ਤ ਮੋਬਾਈਲ ਅਤੇ ਵਾਈਫਾਈ ਕਾਲਿੰਗ ਤੇ ਕਈ ਹੋਰ ਸਹੂਲਤਾਂ ਦੇਣ ਦੀ ਤਿਆਰੀ ਖਿੱਚ ਲਈ ਹੈ। ਇਸ ਸਬੰਧੀ ਜਾਣਕਾਰੀ ਰੇਲ ਮੰਤਰੀ  ਪਿਊਸ਼ ਗੋਇਲ ਨੇ ਟਵੀਟ ਰਾਹੀਂ ਦਿਤੀ ਹੈ।

ਰੇਲ ਮੰਤਰੀ ਮੁਤਾਬਕ ਇਸ ਸੇਵਾ ਦੀ ਸ਼ੁਰੂਆਤ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਤੋਂ ਸ਼ੁਰੂ ਕੀਤੀ ਗਈ ਹੈ। ਇਸ ਰਾਹੀਂ ਕਈ ਵਿਲੱਖਣ ਸੇਵਾਵਾਂ ਮੁਸਾਫ਼ਰਾਂ ਨੂੰ ਮਿਲ ਰਹੀਆਂ ਹਨ। ਰੇਲ ਮੰਤਰੀ ਵਲੋਂ ਇਨ੍ਹਾਂ ਸਹੂਲਤਾਂ ਸਬੰਧੀ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ।

ਇਸ ਮੁਤਾਬਕ ਰੇਲ ਮੰਤਰਾਲੇ ਨੇ ਮੇਕ ਇਸ ਇੰਡੀਆ ਮੁਹਿੰਮ ਤਹਿਤ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਵਿਖੇ ਵਿਲੱਖਣ ਕਿਸਮ ਦਾ ਪਹਿਲਾ ਹਿਊਮਨ ਇੰਟਰੇਕਟਿਵ ਇੰਟਰਫੇਸ ਸਿਸਟਮ ਲਾਇਆ ਗਿਆ ਹੈ। ਇਹ ਡਿਜੀਟਲ ਕਿਊਸਕ ਅਤੇ ਡਿਜੀਟਲ ਬਿਲ ਬੋਰਡ ਦਾ ਵਿਲੱਖਣ ਗੱਠਜੋੜ ਹੈ।

ਇਕ ਮਸ਼ੀਨ ਰਾਹੀਂ ਦਿਤੀਆਂ ਜਾ ਰਹੀਆਂ ਨੇ ਅਨੇਕਾਂ ਸਹੂਲਤਾਂ : ਇਸ ਇਕ ਮਸ਼ੀਨ ਤੋਂ ਕਈ ਕੰਮ ਲਏ ਜਾ ਸਕਦੇ ਹਨ। ਇਸ ਡਿਜੀਟਲ ਕਿਊਸਕ ਦੀ ਮਦਦ ਨਾਲ ਰੇਲ ਯਾਤਰੀ ਮੁਫ਼ਤ ਮੋਬਾਇਲ ਅਤੇ ਵੀਡੀਓ ਕਾਲਿੰਗ ਦੀ ਸਹੂਲਤ ਵਰਤ ਸਕਦੇ ਹਨ।

ਮੋਬਾਇਲ ਅਤੇ ਲੈਪਟਾਪ ਸਮੇਤ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ ਇਸ ਵਿਚ ਫਾਸਟ ਚਾਰਜਿੰਗ ਪੋਰਟਸ ਵੀ ਲੱਗੇ ਹੋਏ ਹਨ। ਇਸ ਤੋਂ ਇਲਾਵਾ 24 ਘੰਟੇ ਨਿਗਰਾਨੀ ਖਾਤਰ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਵੀ ਉਪਲਬਧ ਹੈ।

ਜਾਣਕਾਰੀ ਅਨੁਸਾਰ ਡਿਜੀਟਲ ਕਿਊਸਕ ਵਿਚ ਦਿਤੀ ਗਈ ਦਿਲਕਸ਼ ਸਕਰੀਨ 'ਤੇ ਯਾਤਰੀ ਮੌਸਮ ਅਤੇ ਰੇਲ ਨਾਲ ਜੁੜੀਆਂ ਹੋਰ ਜਾਣਕਾਰੀਆਂ ਵੀ ਹਾਸਿਲ ਕਰ ਸਕਦੇ ਹਨ। ਇਸ ਤੋਂ ਇਲਾਵਾ ਗੂਗਲ ਮੈਪ, ਸ਼ਹਿਰ ਦਾ ਨਕਸ਼ਾ ਅਤੇ ਹੋਰ ਖ਼ਾਸ ਸਥਾਨਾਂ ਦਾ ਵੇਰਵਾ ਵੀ ਵੇਖਿਆ ਜਾ ਸਕਦਾ ਹੈ।

ਆਉਂਦੇ ਸਮੇਂ 'ਚ ਜੇਕਰ ਯਾਤਰੀ ਇਨ੍ਹਾਂ ਸੇਵਾਵਾਂ 'ਚ ਦਿਲਚਸਪੀ ਦਿਖਾਉਂਦੇ ਹਨ ਤਾਂ ਇਸ ਨੂੰ ਛੇਤੀ ਹੀ ਬਾਕੀ ਸਟੇਸ਼ਨਾਂ 'ਤੇ ਵੀ ਲਾਗੂ ਕੀਤਾ ਜਾਵੇਗਾ।